ਮਜੀਠੀਆ ਵੱਲੋਂ ਬੁੱਧ ਸਿੰਘ ਨੂੰ ਦਿੱਤੇ ਪੈਸਿਆਂ ਦੇ ਸਰੋਤਾਂ ਦੀ ਈ. ਡੀ. ਕਰੇ ਜਾਂਚ : ਰੰਧਾਵਾ
Saturday, Feb 09, 2019 - 10:49 AM (IST)

ਚੰਡੀਗੜ੍ਹ (ਭੁੱਲਰ)— ਯੂਥ ਅਕਾਲੀ ਦੇ ਦਲ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇਕ ਕਿਸਾਨ ਬੁੱਧ ਸਿੰਘ ਦਾ 3.86 ਲੱਖ ਦਾ ਕਰਜ਼ਾ ਮੁਆਫ ਕਰਨ ਲਈ ਦਿੱਤੇ ਗਏ ਦੋ ਚੈੱਕਾਂ 'ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਦੀ ਇਸ ਕਾਰਵਾਈ ਬਾਰੇ ਈ. ਡੀ. ਇਹ ਪਤਾ ਲਗਾਏ ਕਿ ਉਨ੍ਹਾਂ ਕੋਲ ਇਹ ਪੈਸੇ ਕਿਥੋਂ ਆਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਇਸ ਚਾਲ ਨਾਲ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਨੇ ਇਸ ਮੁੱਦੇ 'ਚ ਦਖਲ ਦੇ ਕੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਮਜੀਠੀਆ ਇਸ 'ਚ ਕਿਵੇਂ ਦਖਲ ਦੇ ਸਕਦੇ ਹਨ ਜਦਕਿ ਬੁੱਧ ਸਿੰਘ ਦਾ ਮਾਮਲਾ ਪਹਿਲਾਂ ਹੀ ਸਰਕਾਰ ਦੀ ਪ੍ਰਕਿਰਿਆ ਅਧੀਨ ਸੀ। ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਇਨ੍ਹਾਂ ਪੈਸਿਆਂ ਦੇ ਸਾਧਨਾਂ ਦੀ ਜਾਂਚ ਅਤਿ ਜ਼ਰੂਰੀ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਉਨ੍ਹਾਂ 'ਤੇ ਡਰੱਗ, ਟਰਾਂਸਪੋਰਟ ਅਤੇ ਸ਼ਰਾਬ ਮਾਫੀਆ ਨਾਲ ਸਬੰਧ ਹੋਣ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਲਈ ਜੇਕਰ ਇਨ੍ਹਾਂ ਪੈਸਿਆਂ ਦੀ ਵਰਤੋਂ ਰਾਜਸੀ ਫਾਇਦਾ ਲੈਣ ਲਈ ਕੀਤੀ ਜਾ ਰਹੀ ਹੈ ਤਾਂ ਈ. ਡੀ. ਨੂੰ ਇਸ ਮਾਮਲੇ ਦੀ ਜਾਂਚ ਕਰਕੇ ਇਨ੍ਹਾਂ ਪੈਸਿਆਂ ਦੇ ਸਾਧਨਾਂ ਦੀ ਤਹਿ ਤੱਕ ਜਾਣਾ ਚਾਹੀਦਾ ਹੈ।