ਪੰਜਾਬ ਦੀਆਂ ਜੇਲ੍ਹਾਂ 'ਚ ਸੁਧਾਰ ਕਰਨ ਲਈ ਸੁਖਜਿੰਦਰ ਰੰਧਾਵਾ ਨੇ ਨਵੇਂ ਜੇਲ੍ਹ ਮੰਤਰੀ ਨੂੰ ਦਿੱਤਾ ਸੁਝਾਅ
Wednesday, Mar 23, 2022 - 11:20 AM (IST)
ਜਲੰਧਰ (ਧਵਨ)–ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਨਵੇਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੁਝਾਅ ਦਿੱਤਾ ਹੈ ਕਿ ਜੇਲ੍ਹਾਂ ਵਿਚ ਸੁਧਾਰ ਕਰਨ ਲਈ ਸਭ ਤੋਂ ਪਹਿਲਾਂ ਜੇਲ੍ਹਾਂ ਵਿਚ ਸਿਆਸੀ ਦਖ਼ਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਣਾ ਚਾਹੀਦਾ ਹੈ। ਰੰਧਾਵਾ ਨੇ ਦੱਸਿਆ ਕਿ ਨਵੇਂ ਜੇਲ੍ਹ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਹਾਡੇ ਕੋਲ ਜੇਲ੍ਹ ਵਿਭਾਗ ਰਿਹਾ ਹੈ ਤਾਂ ਕਿਸ ਤਰ੍ਹਾਂ ਇਸ ਵਿਚ ਹੋਰ ਸੁਧਾਰ ਲਿਆਂਦੇ ਜਾਣੇ ਚਾਹੀਦੇ ਹਨ। ਇਸ ਦੇ ਜਵਾਬ ਵਿਚ ਮੈਂ ਉਨ੍ਹਾਂ ਨੂੰ ਇਹੀ ਕਿਹਾ ਸੀ ਕਿ ਜੇਲ੍ਹ ਵਿਭਾਗ ਨੂੰ ਸੁਧਾਰਨ ਲਈ ਸਭ ਤੋਂ ਪਹਿਲਾਂ ਜੇਲ੍ਹਾਂ ਦੇ ਅੰਦਰ ਦਖ਼ਲਅੰਦਾਜ਼ੀ ਦਾ ਦੌਰ ਬੰਦ ਕੀਤਾ ਜਾਣਾ ਚਾਹੀਦਾ ਹੈ।
ਰੰਧਾਵਾ ਨੇ ਕਿਹਾ ਕਿ ਜਿੱਥੋਂ ਤਕ ਗੈਂਗਸਟਰਾਂ ਦਾ ਸਬੰਧ ਹੈ, ਉਨ੍ਹਾਂ ਨੂੰ ਉਹ ਗੈਂਗਸਟਰ ਕਹਿਣ ਦੀ ਬਜਾਏ ਗੁੰਡੇ ਕਹਿਣਾ ਜ਼ਿਆਦਾ ਪਸੰਦ ਕਰਨਗੇ। ਜੇਲ੍ਹਾਂ ਵਿਚ ਉਨ੍ਹਾਂ ਗੁੰਡਿਆਂ ਨੂੰ ਮਿਲਣ ਵਾਲੇ ਮੋਬਾਇਲ ਫੋਨਾਂ ’ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਮਿਆਦ ਅਦਾਲਤ ਵੱਲੋਂ ਵਧਾਏ ਜਾਣ ’ਤੇ ਰੰਧਾਵਾ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਸਰਕਾਰ ਨੇ ਮਜੀਠੀਆ ਖ਼ਿਲਾਫ਼ ਡਰੱਗ ਮਾਮਲੇ ਨੂੰ ਲੈ ਕੇ ਸਖ਼ਤ ਕੇਸ ਦਰਜ ਕੀਤਾ ਸੀ। ਹੁਣ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ‘ਆਪ’ ਵਿਧਾਇਕਾਂ ਨਾਲ ਪਲੇਠੀ ਮੀਟਿੰਗ, ਦਿੱਤੀਆਂ ਸਖ਼ਤ ਹਦਾਇਤਾਂ
ਉਨ੍ਹਾਂ ਕਿਹਾ ਕਿ ਸਿਰਫ਼ ਮਜੀਠੀਆ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ, ਸਗੋਂ ਮਜੀਠੀਆ ਦੇ ਨਾਲ ਮਿਲ ਕੇ ਜਿਹੜੇ ਪੁਲਸ ਵਾਲੇ ਨਸ਼ਾ ਵਿਕਵਾਉਂਦੇ ਰਹੇ ਸਨ, ਉਨ੍ਹਾਂ ਖਿਲਾਫ ਵੀ ਐੱਫ਼. ਆਈ. ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਬਿਨਾਂ ਕਾਰਨ ਬਿਆਨਬਾਜ਼ੀ ਕਰਕੇ ਪੰਜਾਬ ਵਿਚ ਕਾਂਗਰਸ ਨੂੰ ਭਾਰੀ ਨੁਕਸਾਨ ਸਹਿਣਾ ਪਿਆ। ਹੁਣ ਅਗਲੇ 5 ਸਾਲਾਂ ਤਕ ਕਾਂਗਰਸ ਨੂੰ ਆਪੋਜ਼ੀਸ਼ਨ ਵਿਚ ਰਹਿਣਾ ਪਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਨਵਜੋਤ ਸਿੱਧੂ ’ਤੇ ਆਉਂਦੀ ਹੈ ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਹੋਲਾ-ਮਹੱਲਾ ਵੇਖਣ ਆਈ ਔਰਤ ਨਾਲ ਗੱਡੀ ’ਚ ਗੈਂਗਰੇਪ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ