ਰੰਧਾਵਾ ਦਾ ''ਆਪ'' ''ਤੇ ਸ਼ਬਦੀ ਹਮਲਾ, ਕਿਹਾ-ਕੇਜਰੀਵਾਲ ਚੋਣਾਂ ਉਪਰੰਤ ਪੰਜਾਬ ’ਚ ਦੋਬਾਰਾ ਨਜ਼ਰ ਨਹੀਂ ਆਉਣਗੇ

Monday, Jan 17, 2022 - 11:37 AM (IST)

ਰੰਧਾਵਾ ਦਾ ''ਆਪ'' ''ਤੇ ਸ਼ਬਦੀ ਹਮਲਾ, ਕਿਹਾ-ਕੇਜਰੀਵਾਲ ਚੋਣਾਂ ਉਪਰੰਤ ਪੰਜਾਬ ’ਚ ਦੋਬਾਰਾ ਨਜ਼ਰ ਨਹੀਂ ਆਉਣਗੇ

ਜਲੰਧਰ (ਧਵਨ)- ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ’ਤੇ ਸਿਆਸੀ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਇਸ ਪਾਰਟੀ ਦੇ ਨੇਤਾਵਾਂ ਨੂੰ ਸਿਰਫ਼ ਵਿਧਾਨ ਸਭਾ ਚੋਣਾਂ ਦੌਰਾਨ ਹੀ ਪੰਜਾਬ ਦੀ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜਕੱਲ ਪੰਜਾਬ ’ਚ ਵਾਰ-ਵਾਰ ਵਿਖਾਈ ਦੇ ਰਹੇ ਹਨ, ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਹਨ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਨਾ ਹੁੰਦੀਆਂ ਤਾਂ ਸ਼ਾਇਦ ਜਨਤਾ ਨੂੰ ਕੇਜਰੀਵਾਲ ਦੇ ਪੰਜਾਬ ’ਚ ਦਰਸ਼ਨ ਵੀ ਨਾ ਹੁੰਦੇ।

ਉਨ੍ਹਾਂ ਕੇਜਰੀਵਾਲ ਤੋਂ ਪੁੱਛਿਆ ਕਿ ਉਹ ਦੱਸਣ ਕਿ ਪਿਛਲੇ 5 ਸਾਲਾਂ ਦੌਰਾਨ ਉਹ ਕਿੰਨੀ ਵਾਰ ਪੰਜਾਬ ਆਏ ਹਨ? ਹੁਣ ਚੋਣਾਂ ਨੂੰ ਵੇਖਦਿਆਂ ਜਨਤਾ ਨੂੰ ਭਰਮਾਉਣ ਦੇ ਉਦੇਸ਼ ਨਾਲ ਕੇਜਰੀਵਾਲ ਅਤੇ ਹੋਰ ‘ਆਪ’ ਨੇਤਾਵਾਂ ਨੇ ਪੰਜਾਬ ਦਾ ਰੁਖ਼ ਕੀਤਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਸੰਪੰਨ ਹੋਣ ਤੋਂ ਬਾਅਦ ਕੇਜਰੀਵਾਲ ਦੇ ਦਰਸ਼ਨ ਵੀ ਔਖੇ ਹੋ ਜਾਣਗੇ। ਚੋਣਾਂ ਦੌਰਾਨ ਹੀ ਕੇਜਰੀਵਾਲ ਕਦੇ ਪੰਜਾਬ, ਕਦੇ ਗੋਆ ਅਤੇ ਕਦੇ ਕਿਸੇ ਹੋਰ ਸੂਬੇ ’ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨਸਭਾ ਚੋਣਾਂ ’ਚ ਇਕ ਵਾਰ ਫਿਰ ਤੋਂ ਮੁਕਾਬਲਾ ਲੋਕਲ ਰਾਜਨੀਤਕ ਪਾਰਟੀਆਂ ਤੇ ਬਾਹਰੀ ਰਾਜਨੀਤਕ ਪਾਰਟੀਆਂ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਬਾਹਰੀ ਪਾਰਟੀ ਹੈ ਤੇ ਪੰਜਾਬੀ ਵੀ ਸੋਚ-ਸਮਝ ਕੇ ਇਸ ਵਾਰ ਵੋਟਾਂ ਪਾਉਣਗੇ।

ਇਹ ਵੀ ਪੜ੍ਹੋ: ਨਵਾਂਸ਼ਹਿਰ ਵਿਖੇ ਵਾਪਰੇ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਨਨਾਣ-ਭਰਜਾਈ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੇਤਾ ਤਾਂ ਜਨਤਾ ’ਚ ਪਿਛਲੇ 5 ਸਾਲਾਂ ’ਚ ਲਗਾਤਾਰ ਵਿਚਰ ਰਹੇ ਹਨ। ਲੋਕ ਕਦੇ ਵੀ ਕਾਂਗਰਸ ਦੇ ਚੁਣੇ ਹੋਏ ਵਿਧਾਇਕਾਂ ਦੇ ਘਰਾਂ ’ਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ। ਰੰਧਾਵਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਸੱਤਾ ਮਿਲੀ ਤਾਂ ਕੀ ਪੰਜਾਬ ਦੇ ਲੋਕ ਆਪਣੇ ਕੰਮ ਕਰਵਾਉਣ ਲਏ ਕੇਜਰੀਵਾਲ ਕੋਲ ਦਿੱਲੀ ਜਾਇਆ ਕਰਨਗੇ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਇਸ ਪਾਰਟੀ ਨੂੰ ਸੱਤਾ ’ਚ ਨਹੀਂ ਲਿਆਉਣਗੇ। ਇਸ ਲਈ ਲੋਕਾਂ ਨੇ ਇਕ ਵਾਰ ਫਿਰ ਤੋਂ ਇਹ ਮਨ ਬਣਾ ਲਿਆ ਹੈ ਕਿ ਕਾਂਗਰਸ ਨੂੰ ਦੋਬਾਰਾ ਸੱਤਾ ਸੌਂਪੀ ਜਾਵੇ। 

ਇਹ ਵੀ ਪੜ੍ਹੋ: ਚੋਣ ਜ਼ਾਬਤੇ ਦੌਰਾਨ ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਮਨੀ ਐਕਸਚੇਂਜਰ ਤੋਂ ਲੁੱਟੀ ਲੱਖਾਂ ਦੀ ਨਕਦੀ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਗਵਾਈ ’ਚ ਪਿਛਲੇ 3 ਮਹੀਨਿਆਂ ’ਚ ਜਿੰਨੀ ਤੇਜ਼ ਰਫ਼ਤਾਰ ਨਾਲ ਲੋਕਾਂ ਦੇ ਕੰਮ ਕੀਤੇ ਗਏ ਹਨ, ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਅੱਜ ਲੋਕਾਂ ਦੀ ਜ਼ੁਬਾਨ ’ਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਕੰਮ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਕੁਝ ਮਹੀਨਿਆਂ ਦਾ ਸਮਾਂ ਹੋਰ ਮਿਲ ਜਾਂਦਾ ਤਾਂ ਸ਼ਾਇਦ ਇਕ ਵੀ ਮੁੱਦਾ ਬਾਕੀ ਨਾ ਬਚਦਾ। ਉਨ੍ਹਾਂ ਕਿਹਾ ਕਿ ਕਾਂਗਰਸ ਬਾਹਰੀ ਪਾਰਟੀਆਂ ਦੇ ਹੱਥਾਂ ’ਚ ਤਾਕਤ ਨੂੰ ਜਾਣ ਨਹੀਂ ਦੇਵੇਗੀ। ਬਾਹਰੀ ਪਾਰਟੀਆਂ ਪੰਜਾਬ ਲਈ ਖ਼ਤਰਨਾਕ ਸਿੱਧ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ: ਕੋਵਿਡ ਨੂੰ ਲੈ ਕੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਿਆਸੀ ਪਾਰਟੀਆਂ ਨੂੰ ਕੀਤੀ ਇਹ ਅਪੀਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News