ਸਾਡਾ ਮੁੱਖ ਮਕਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣਾ : ਸੁਖਦੇਵ ਸਿੰਘ ਢੀਂਡਸਾ

Saturday, Oct 30, 2021 - 07:21 PM (IST)

ਸਾਡਾ ਮੁੱਖ ਮਕਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣਾ : ਸੁਖਦੇਵ ਸਿੰਘ ਢੀਂਡਸਾ

ਰੂਪਨਗਰ (ਵਿਜੇ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਰੂਪਨਗਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਮੁੱਖ ਮਕਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣਾ ਹੈ। 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਬਾਰੇ ਢੀਂਡਸਾ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਜੇਕਰ ਬੋਲਣ ਦਾ ਸਮਾਂ ਮਿਲਿਆ ਤਾਂ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਗੱਲ ਜ਼ਰੂਰ ਰੱਖਣਗੇ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਦੇ ਵੀ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗਾ। ਢੀਂਡਸਾ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ, ਜੇਕਰ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਂਦੇ ਹਨ ਤਾਂ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇਵੇਗੀ? ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੇਰੀ ਚੋਣ ਸਮਝੌਤਾ ਹੋਣ ਬਾਰੇ ਕੋਈ ਗੱਲ ਨਹੀਂ ਹੋਈ ਹੈ ਅਤੇ ਕੈਪਟਨ ਖ਼ੁਦ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਜਗਦੀਸ਼ ਟਾਈਟਲਰ ਦਾ ਸਮਰਥਨ ਕਰਨ ਲਈ ਸਿੱਧੂ ਤੇ ਚੰਨੀ ਸਿੱਖਾਂ ਨੂੰ ਦੇਣ ਸਫ਼ਾਈ : ਚੁੱਘ

ਮੁੱਖ ਮੰਤਰੀ ਚੰਨੀ ਨੂੰ ਕਿਵੇਂ ਦੇਖਦੇ ਹਨ, ਦੇ ਸਬੰਧ ’ਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲੇ ਨੂੰ ਇਕ ਮਹੀਨਾ ਹੀ ਹੋਇਆ ਹੈ ਅਤੇ ਅਗਲੇ ਦਿਨਾਂ ’ਚ ਦੇਖਣਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਕੰਮ ਕਰਦੇ ਹਨ। ਇਸ ਦੇ ਨਾਲ ਹੀ ਢੀਂਡਸਾ ਨੇ ਕਿਹਾ ਕਿ ਰਾਜਾ ਵੜਿੰਗ ਨੇ ਇਕ ਮਹੀਨੇ ’ਚ 200 ਪ੍ਰਾਈਵੇਟ ਬੱਸਾਂ, ਜੋ ਅਣਅਧਿਕਾਰਤ ਤੌਰ ’ਤੇ ਚੱਲ ਰਹੀਆਂ ਸਨ, ਉਨ੍ਹਾਂ ਨੂੰ ਫੜਿਆ ਹੈ, ਕੀ ਪਹਿਲਾਂ ਟ੍ਰਾਂਸਪੋਰਟ ਮੰਤਰੀ ਨੂੰ ਸਾਢੇ ਚਾਰ ਸਾਲਾਂ ’ਚ ਇਹ ਬਿਨਾਂ ਪਰਮਿਟ ਦੇ ਚੱਲਣ ਵਾਲੀਆਂ ਬੱਸਾਂ ਦਿਖਾਈ ਨਹੀਂ ਦਿੱਤੀਆਂ। ਇਹ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਕ ਮਹੀਨੇ ’ਚ ਹੀ ਇਨ੍ਹਾਂ ਬੱਸਾਂ ਦੇ ਬੰਦ ਹੋਣ ਨਾਲ ਰੋਡਵੇਜ਼ ਦੀ ਆਮਦਨੀ ਲੱਖਾਂ ਰੁਪਏ ’ਚ ਵਧੀ ਹੈ। ਬਾਰਡਰ ਸਕਿਓਰਿਟੀ ਫੋਰਸ ਦਾ ਦਾਇਰਾ ਵਧਾਏ ਜਾਣ ਦੇ ਸਵਾਲ ’ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਅਸੀਂ ਪੂਰੇ ਜ਼ੋਰ-ਸ਼ੋਰ ਨਾਲ ਇਸਦੀ ਮੁਖਾਲਫ਼ਤ ਕੀਤੀ ਹੈ ਅਤੇ ਸਰਕਾਰ ਨੂੰ ਵੀ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਇਸ ਮੁੱਦੇ ’ਤੇ ਨਾਲ ਹਾਂ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ 7 ਲੱਖ ਤੋਂ ਵੱਧ ਨੌਜਵਾਨ ਪਹਿਲੀ ਵਾਰ ਪਾਉਣਗੇ ਵੋਟ : ਡਾ. ਕਰੁਣਾ ਰਾਜੂ

ਢੀਂਡਸਾ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀ ਹੁੰਦੇ, ਉਦੋਂ ਤੱਕ ਕੋਈ ਵੀ ਰਾਜਨੀਤਕ ਗਤੀਵਿਧੀ ਨਾ ਕੀਤੀ ਜਾਵੇ, ਇਸ ਲਈ ਅਸੀਂ ਨਾ ਤਾਂ ਕੋਈ ਵੱਡੀ ਰੈਲੀ ਕੀਤੀ ਅਤੇ ਨਾ ਹੀ ਕੋਈ ਪ੍ਰੋਗਰਾਮ। ਉਨ੍ਹਾਂ ਕਿਹਾ ਕਿ ਸਾਡੇ ਲੀਡਰ ਆਪਣੇ-ਆਪਣੇ ਖੇਤਰ ’ਚ ਪ੍ਰਚਾਰ ਕਰ ਰਹੇ ਹਨ। ਸਾਡੀ ਪਾਰਟੀ ਕੋਲ ਇੰਨਾ ਪੈਸਾ ਨਹੀਂ ਹੈ, ਜੇਕਰ ਅਜਿਹਾ ਹੁੰਦਾ ਤਾਂ ਅਸੀਂ ਵੀ ਪੈਸੇ ਖਰਚ ਕਰ ਕੇ ਲੋਕਾਂ ਨੂੰ ਇਕੱਠਾ ਕਰ ਲੈਂਦੇ ਪਰ ਅਸੀਂ ਡੈਮੋਕ੍ਰੇਟਿਕ ਢੰਗ ਨਾਲ ਲੋਕਾਂ ਨਾਲ ਜੁੜੇ ਹਾਂ, ਜੇਕਰ ਅਸੀਂ ਪੈਸਾ ਹੀ ਕਮਾਉਣਾ ਹੁੰਦਾ ਤਾਂ ਕਮਾ ਲੈਂਦੇ। ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਨੂੰ ਬਚਾਉਣਾ ਚਾਹੁੰਦੇ ਹਾਂ। ਢੀਂਡਸਾ ਨੇ ਬੋਲਦਿਆਂ ਕਿਹਾ ਕਿ 117 ਸੀਟਾਂ ’ਤੇ ਲੜਨ ਲਈ ਵੀ ਅਸੀਂ ਸਮਰੱਥ ਹਾਂ ਅਤੇ ਜੇਕਰ ਕੋਈ ਸਾਡੀ ਸੋਚ ਵਾਲੀ ਪਾਰਟੀ ਆਈ ਤਾਂ ਸਮਝੌਤਾ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਅੱਜ ਕਈ ਪਾਰਟੀਆਂ ਸਾਡੇ ਨਾਲ ਆਉਣ ਲਈ ਤਿਆਰ-ਬਰ-ਤਿਆਰ ਹਨ। ਸੁਖਦੇਵ ਸਿੰਘ ਢੀਂਡਸਾ ਰੂਪਨਗਰ ਵਿਖੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਇਸ ਮੌਕੇ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਹੋਰਨਾਂ ਤੋਂ ਇਲਾਵਾ ਮੌਜੂਦ ਸਨ।
 


author

Manoj

Content Editor

Related News