...ਤੇ ਹੁਣ ਮਸਤੂਆਣਾ ਸਾਹਿਬ ਨੂੰ ਢੀਂਡਸਾ ਮੁਕਤ ਕਰਵਾਉਣ ਦੀ ਉੱਠੀ ਮੰਗ

01/25/2020 6:18:16 PM

ਲੌਂਗੋਵਾਲ (ਵਸ਼ਿਸ਼ਟ) : ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਜ਼ਿਲਾ ਸੰਗਰੂਰ ਦੇ ਅਕਾਲੀ ਆਗੂਆਂ ਵਿਚ ਵਧੀ ਕਸ਼ਮਕਸ਼ ਨੇ ਨਵਾਂ ਮੋੜ ਲੈ ਲਿਆ ਹੈ। ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਦੀ ਅਗਵਾਈ ਹੇਠ ਸਿੱਖਾਂ ਦੇ ਇਕ ਵਫਦ ਨੇ ਇੱਥੋਂ ਦੇ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਪੁੱਜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੋਲ ਮਸਤੂਆਣਾ ਸਾਹਿਬ ਨੂੰ ਢੀਂਡਸਾ ਮੁਕਤ ਕਰਵਾਉਣ ਦੀ ਮੰਗ ਰੱਖ ਦਿੱਤੀ। ਇਸ ਜਥੇ ਨੇ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਭਾਈ ਲੌਂਗੋਵਾਲ ਦੇ ਦਫਤਰ ਮੂਹਰੇ ਸੰਕੇਤਕ ਧਰਨਾ ਦਿੱਤਾ ਅਤੇ ਬਾਅਦ ਵਿਚ ਮੁਲਾਕਾਤ ਦੌਰਾਨ ਉਨ੍ਹਾਂ ਜਿੱਥੇ ਮਸਤੂਆਣਾ ਸਾਹਿਬ ਨੂੰ ਢੀਂਡਸਾ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਤੇ ਮਸਤੂਆਣਾ ਸਾਹਿਬ ਵਿਖੇ ਬਣ ਰਹੇ ਦਰਬਾਰ ਸਾਹਿਬ ਦਾ ਮਾਮਲਾ ਵੀ ਉਠਾਇਆ। ਜਥੇਦਾਰ ਫੱਗੂਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਦੀਆਂ ਗੱਲਾਂ ਕਰਨ ਵਾਲੇ ਢੀਂਡਸਾ ਪਹਿਲਾਂ ਮਸਤੂਆਣਾ ਸਾਹਿਬ ਨੂੰ ਖੁਦ ਮੁਕਤ ਕਰਨ।ਜਿੱਥੇ ਕਰੋੜਾਂ ਰੁਪਏ ਦੇ ਘਪਲੇ ਹੋ ਰਹੇ ਹਨ ।

PunjabKesari

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਢੀਂਡਸਾ ਪਰਿਵਾਰ ਦਾ ਪੂਰਾ ਦਬਦਬਾ ਸੀ ਜਿਸ ਕਾਰਨ ਉਹ ਇਸ ਸੰਸਥਾ 'ਤੇ ਕਾਬਜ਼ ਰਹੇ ਅਤੇ ਅੱਜ ਅਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਇਸ ਸਬੰਧੀ ਮੰਗ ਪੱਤਰ ਦੇਣ ਆਏ ਹਾਂ ।ਉਨ੍ਹਾਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਸਿੱਖਿਆ ਦੇ ਪਸਾਰ ਲਈ ਇਸ ਸੰਸਥਾ ਦਾ ਨਿਰਮਾਣ ਕੀਤਾ ਸੀ ਅਤੇ ਉਨ੍ਹਾਂ ਦਾ ਸੁਪਨਾ ਸੀ ਕਿ ਇਸ ਟਰੱਸਟ ਵਿਚ ਗੁਰਸਿੱਖਾਂ ਨੂੰ ਹੀ ਸ਼ਾਮਿਲ ਕੀਤਾ ਜਾਵੇ ਪਰ ਅਫਸੋਸ ਦੀ ਗੱਲ ਹੈ ਕਿ ਇਸ ਸੰਸਥਾ ਵਿਚ ਇਕ ਵੀ ਗੁਰਸਿੱਖ ਟਰੱਸਟੀ ਨਹੀਂ ਹੈ ।ਉਨ੍ਹਾਂ ਕਿਹਾ ਕਿ ਵੱਡੇ ਬਜਟ ਵਾਲੀ ਇਸ ਸੰਸਥਾ ਕੋਲ ਕੋਈ ਹਿਸਾਬ ਕਿਤਾਬ ਨਹੀਂ ਹੈ।ਉਨ੍ਹਾਂ ਕਿਹਾ ਕਿ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਟਰੱਸਟ ਅਤੇ ਅਕਾਲ ਕਾਲਜ ਕੌਂਸਲ ਦੋ ਸੰਸਥਾਵਾਂ ਹਨ ਅਤੇ ਦੋਵਾਂ ਦਾ ਮੁਖੀ ਇਕ ਵਿਅਕਤੀ ਨਹੀਂ ਹੋ ਸਕਦਾ ਪਰ ਸੁਖਦੇਵ ਸਿੰਘ ਢੀਂਡਸਾ ਦੋਵਾਂ ਹੀ ਕੁਰਸੀਆਂ ਨੂੰ ਚੁੰਬੜ ਕੇ ਬੈਠੇ ਹੋਏ ਹਨ ਅਤੇ ਹੁਣ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਵੀ ਇਸ ਦਾ ਟਰੱਸਟੀ ਬਣਾ ਲਿਆ ਹੈ ਜੋ ਕਿ ਨਿਯਮਾਂ ਦੇ ਉਲਟ ਹੈ ।

ਉਨ੍ਹਾਂ ਦਾਅਵਾ ਕੀਤਾ ਕਿ ਮਸਤੂਆਣਾ ਸਾਹਿਬ ਸੰਸਥਾ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਅਤੇ 60 ਹਜ਼ਾਰ ਰੁਪਏ ਦਾ ਕੜਾਹ ਪ੍ਰਸ਼ਾਦ ਰੋਜ਼ਾਨਾ ਹੀ ਸੜਕ 'ਤੇ ਵੇਚਿਆ ਜਾਂਦਾ ਹੈ ।ਜੋ ਗੁਰ ਮਰਿਯਾਦਾ ਦੇ ਉਲਟ ਹੈ। ਜਥੇਦਾਰ ਨੇ ਕਿਹਾ ਕਿ 400 ਏਕੜ ਵਾਲੀ ਇਸ ਸੰਸਥਾ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ ਅਤੇ ਸਿੱਖਾਂ ਦੀ ਝੋਲੀ ਵਿਚ ਕੁੱਝ ਨਹੀਂ ਪੈ ਰਿਹਾ ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2009 ਵਿਚ ਵੀ ਉਨ੍ਹਾਂ ਨੇ ਮਸਤੂਆਣਾ ਸਾਹਿਬ ਨੂੰ ਢੀਂਡਸਾ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਸੀ । ਐੱਸ. ਜੀ. ਪੀ. ਸੀ. ਦੋਗਲੀ ਨੀਤੀ ਬੰਦ ਕਰੇ ਦੇ ਬੈਨਰ ਫੜ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਏ ਇਨ੍ਹਾਂ ਵਿਅਕਤੀਆਂ ਨੇ ਢੀਂਡਸਾ ਵਾਲੇ ਮਸਲੇ ਤੋਂ ਇਲਾਵਾ ਮਸਤੂਆਣਾ ਸਾਹਿਬ ਵਿਖੇ ਬਣ ਰਹੇ ਦਰਬਾਰ ਸਾਹਿਬ ਦਾ ਮਾਮਲਾ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਉਠਾਇਆ ਉਨ੍ਹਾਂ ਦੱਸਿਆ ਕਿ 20 ਜੂਨ 2009 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਸੱਖਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦਾ ਭੁਲੇਖਾ ਪਾਉਂਦੀ ਇਮਾਰਤ ਵਾਲੇ ਸਰੋਵਰ ਨੂੰ ਪੂਰਨ ਸਮੇਤ ਹੋਰ ਤਬਦੀਲੀਆਂ ਕਰ ਦਿੱਤੀਆਂ ਜਾਣ ਅਤੇ ਇਸ ਕੰਮ ਨੂੰ ਪੂਰਾ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਵੀ ਕੀਤੀ ਗਈ ਸੀ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਦੇ ਵੱਡੇ ਰਾਜਨੀਤਕ ਕੱਦ ਦੇ ਚੱਲਦਿਆਂ 10 ਸਾਲ ਬੀਤ ਜਾਣ 'ਤੇ ਵੀ ਹੁਕਮਨਾਮੇ ਨੂੰ ਲਾਗੂ ਨਹੀਂ ਹੋਣ ਦਿੱਤਾ ਗਿਆ। 

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿਜੋ ਮੰਗ ਪੱਤਰ ਦਿੱਤਾ ਹੈ ਉਸ ਅਨੁਸਾਰ ਪਿਛਲੇ 40 ਸਾਲਾਂ ਤੋਂ ਇਸ ਅਸਥਾਨ 'ਤੇ ਕਾਬਜ਼ ਸੁਖਦੇਵ ਸਿੰਘ ਢੀਂਡਸਾ ਇਸ ਅਸਥਾਨ ਪ੍ਰਤੀ ਸਿਧਾਂਤਹੀਣ ਹੋ ਚੁੱਕੇ ਹਨ। ਇਸ ਅਸਥਾਨ 'ਤੇ ਭਾਈ ਭਤੀਜਾਵਾਦ ਅਤੇ ਡਿਕਟੇਟਰਸ਼ਿਪ ਚੱਲ ਰਿਹਾ ਹੈ। ਜਿਸ ਦੇ ਅਧੀਨ ਉਨ੍ਹਾਂ ਆਪਣੇ ਸਪੁੱਤਰ ਅਤੇ ਰਿਸ਼ਤੇਦਾਰਾਂ ਨੂੰ ਇਸ ਟਰੱਸਟ ਦਾ ਟਰੱਸਟੀ ਬਣਾ ਦਿੱਤਾ ਗਿਆਾ ਹੈ। ਇਸ ਅਸਥਾਨ ਨੂੰ ਲੈ ਕੇ ਜੋ ਕੇਸ ਅਦਾਲਤ ਵਿਚ ਵਿਚਾਰਅਧੀਨ ਹੈ ਉਹ ਬਹਿਸ 'ਤੇ ਲੱਗਾ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਪੂਰੀ ਸੁਹਿਰਦਤਾ ਨਾਲ ਇਸ ਸੰਬੰਧੀ ਆਪਣਾ ਪੱਖ ਅਦਾਲਤ ਵਿਚ ਰੱਖੇਗੀ।


Gurminder Singh

Content Editor

Related News