2 ਮਹੀਨਿਆਂ ਅੰਦਰ ਡਿਗਣਗੇ ਅਕਾਲੀ ਦਲ ਦੇ ਵੱਡੇ ਥੰਮ : ਢੀਂਡਸਾ
Thursday, Jul 16, 2020 - 12:24 PM (IST)
ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੇ ਭਖਦੇ ਮਸਲਿਆਂ ਸਬੰਧੀ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ’ਤੇ ਹਰ ਹਿੱਲੇ ਕਲੇਮ ਕਰਨਗੇ ਅਤੇ ਪਾਵਨ ਸਰੂਪਾਂ ਦੀ ਬੇਅਦਬੀ ਦੌਰਾਨ ਵਾਪਰੀਆਂ ਘਟਨਾਵਾਂ ਦੇ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਜਦੋਂ ਤਕ ਸਜ਼ਾ ਨਹੀਂ ਮਿਲ ਜਾਂਦੀ, ਉਦੋਂ ਤੱਕ ਦੇਸ਼ਾਂ-ਵਿਦੇਸ਼ਾਂ 'ਚ ਵੱਸਦੇ ਸਿੱਖਾਂ ਨੂੰ ਤਸੱਲੀ ਨਹੀਂ ਮਿਲੇਗੀ। ਪੇਸ਼ ਹਨ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਦੇ ਸਾਰਅੰਸ਼-
ਬਾਦਲ ਪਰਿਵਾਰ ਅਤੇ ਅਕਾਲੀ ਦਲ ਤੋਂ ਵੱਖ ਹੋਣ ਦਾ ਕੀ ਕਾਰਨ?
ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ, ਉਦੋਂ ਤੱਕ ਸਭ ਕੁੱਝ ਠੀਕ ਰਿਹਾ ਪਰ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵੱਡੇ ਬਾਦਲ ਵੱਲੋਂ ਡੋਰ ਖੁੱਲ੍ਹੀ ਛੱਡ ਦਿੱਤੀ ਗਈ ਤਾਂ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਅਤੇ ਪਾਰਟੀ ਨੂੰ ਕੰਪਨੀ ਦੀ ਤਰ੍ਹਾਂ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਮਕਸਦ ਸਿਰਫ ਤੇ ਸਿਰਫ ਪੈਸੇ ਕਮਾਉਣਾ ਸੀ।
ਅਕਾਲੀ ਦਲ ਟਕਸਾਲੀ ਦੇ ਜਿਹੜੇ ਨੇਤਾ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰ ਕੇ ਤੁਹਾਡੇ ਨਾਲ ਆ ਤੁਰੇ ਹਨ, ਉਨ੍ਹਾਂ ਦੀ ਵਫਾਦਾਰੀ ਨੂੰ ਤੁਸੀਂ ਕਿੰਝ ਲਵੋਗੇ
ਜੱਥੇਦਾਰ ਬ੍ਰਹਮਪੁਰਾ ਨਾਲ ਮੈਂ ਪੰਜਾਬ ਦੇ ਮਸਲਿਆਂ ਲਈ ਜੇਲ ਵੀ ਕੱਟੀ ਅਤੇ ਮੇਰੇ ਉਹ ਬਹੁਤ ਸਤਿਕਾਰਯੋਗ ਹਨ ਪਰ ਜਦੋਂ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੇ 5 'ਚੋਂ 4 ਮੈਂਬਰ ਉਨ੍ਹਾਂ ਕੋਲ ਆ ਗਏ ਕਿ ਜੱਥੇਦਾਰ ਬ੍ਰਹਮਪੁਰਾ ਤੋਂ ਪਾਰਟੀ ਅੱਗੇ ਨਹੀਂ ਤੁਰੀ, ਹੁਣ ਤੁਸੀਂ ਚਲਾਓ, ਤਾਂ ਮੈਂ ਆਪਣੇ ਵਰਕਰਾਂ ਨਾਲ ਸਲਾਹ ਕਰ ਕੇ ਪਾਰਟੀ ਬਣਾਈ ਅਤੇ ਇਨ੍ਹਾਂ ਕੋਰ ਕਮੇਟੀ ਮੈਂਬਰਾਂ ਨੇ ਹੀ ਮੈਨੂੰ ਭਰੋਸਾ ਦਵਾਇਆ ਕਿ ਉਹ ਜੱਥੇਦਾਰ ਬ੍ਰਹਮਪੁਰਾ ਨੂੰ ਵੀ ਪਾਰਟੀ ਨਾਲ ਜੋੜਨਗੇ।
ਕੀ ਕੋਈ ਅਕਾਲੀ ਵਿਧਾਇਕ ਜਾਂ ਵੱਡਾ ਨੇਤਾ ਤੁਹਾਡੇ ਨਾਲ ਆ ਰਿਹਾ ਹੈ?
ਸਾਡੇ ਨਾਲ ਅਕਾਲੀ ਦਲ ਦੇ ਕਈ ਵਿਧਾਇਕ ਸੰਪਰਕ 'ਚ ਹਨ ਅਤੇ ਅਗਲੇ ਦੋ ਮਹੀਨਿਆਂ 'ਚ ਸ਼੍ਰੋਮਣੀ ਅਕਾਲੀ ਦਲ 'ਚ ਵੱਡਾ ਧਮਾਕਾ ਹੋਵੇਗਾ, ਜਿਸ ਦੇ ਚੱਲਦਿਆਂ ਕਈ ਵੱਡੇ ਥੰਮ ਜੋ ਸੁਖਬੀਰ ਸਿੰਘ ਬਾਦਲ ਤੋਂ ਪੀੜਤ ਹਨ, ਉਹ ਅਕਾਲੀ ਦਲ ਡੈਮੋਕ੍ਰੇਟਿਕ ਨਾਲ ਜੁੜ ਜਾਣਗੇ।
ਕੀ ਭਾਜਪਾ ਨਾਲ ਗਠਜੋੜ ਕਰ ਕੇ ਵਿਧਾਨ ਸਭਾ ਚੋਣਾਂ ਲੜੋਗੇ?
ਕਾਂਗਰਸ ਕਹਿ ਰਹੀ ਹੈ ਕਿ ਮੇਰੀ ਭਾਜਪਾ ਨਾਲ ਸਾਂਝ ਹੈ, ਅਕਾਲੀ ਕਹਿ ਰਹੇ ਹਨ, ਮੈਂ ਕਾਂਗਰਸ ਦੇ ਇਸ਼ਾਰੇ ’ਤੇ ਪਾਰਟੀ ਬਣਾਈ ਹੈ ਅਤੇ ਕੁਝ ਕਾਂਗਰਸੀ ਇਹ ਵੀ ਸ਼ਬਦੀ ਬਾਣ ਕਸ ਰਹੇ ਹਨ ਕਿ ਅਸੀਂ ‘ਆਪ’ ਨਾਲ ਗਠਜੋੜ ਕਰਾਂਗੇ ਪਰ ਸਾਡੀ ਪਹਿਲਾ ਹਾਲੇ ਸੋਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਜੱਥੇਬੰਦਕ ਢਾਂਚੇ ਨੂੰ ਤਿਆਰ ਕਰ ਕੇ ਉਸ ਨੂੰ ਮਜ਼ਬੂਤ ਕਰਨਾ ਹੈ।
ਐੱਸ. ਜੀ. ਪੀ. ਸੀ. ਚੋਣਾਂ ਲੜਨ ਸਬੰਧੀ ਕੀ ਰਣਨੀਤੀ ਹੋਵੇਗੀ?
ਸ਼੍ਰੋਮਣੀ ਕਮੇਟੀ ਚੋਣਾਂ ਲਈ ਅਕਾਲੀ ਦਲ 1920 ਸਮੇਤ ਕਈ ਪੰਥਕ ਧਿਰਾਂ ਆਪਣੇ ਸਮਰਥਨ ਦਾ ਐਲਾਨ ਕਰ ਚੁੱਕੀਆਂ ਹਨ। ਅਕਾਲੀ ਦਲ ਯੂਨਾਈਟਿਡ ਦੇ ਨੇਤਾਵਾਂ ਨਾਲ ਵੀ ਮੀਟਿੰਗ ਹੋ ਚੁੱਕੀ ਹੈ, ਜਿਸ ਦੇ ਰਲੇਵੇਂ ਦਾ ਸਿਰਫ ਰਸਮੀਂ ਐਲਾਨ ਹੋਣਾ ਬਾਕੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜੰਮੂ ਯੂਨਿਟ ਦੇ ਕਈ ਅਹੁਦੇਦਾਰਾਂ ਨੇ ਅਕਾਲੀ ਦਲ ਡੈਮੋਕ੍ਰੇਟਿਕ ਨਾਲ ਜੁੜਨ ਦਾ ਫੈਸਲਾ ਕਰ ਲਿਆ ਹੈ।