ਬਾਦਲ ਪਰਿਵਾਰ ਘਰ ਬੈਠ ਕੇ ਲੈ ਰਿਹੈ ਪਾਰਟੀ ਦੇ ਅਹਿਮ ਫੈਸਲੇ : ਢੀਂਡਸਾ

12/12/2019 11:45:23 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਇਕ ਵਾਰ ਫਿਰ ਗੁੱਸਾ ਦਿਖਾਉਂਦੇ ਹੋਏ ਬਾਦਲ ਪਰਿਵਾਰ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਤਾਨਾਸ਼ਾਹੀ ਚੱਲ ਰਹੀ ਹੈ। ਇਕ ਪਰਿਵਾਰ ਘਰ ਬੈਠ ਕੇ ਪਾਰਟੀ ਦੇ ਅਹਿਮ ਫੈਸਲੇ ਲੈ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਖਲ ਵਧ ਗਿਆ ਹੈ, ਜੋ ਜਾਇਜ਼ ਨਹੀਂ ਹੈ।
ਹਾਲਾਂਕਿ ਢੀਂਡਸਾ ਨੇ ਇਕ ਵਾਰ ਫਿਰ ਪਾਰਟੀ ਪ੍ਰਤੀ ਵਫਾਦਾਰੀ ਨੂੰ ਜ਼ਾਹਰ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਅਕਾਲੀ ਹੈ, ਅਕਾਲੀ ਰਹੇਗਾ ਪਰ ਉਨ੍ਹਾਂ ਸਿਧਾਂਤਾਂ 'ਤੇ ਕਾਇਮ ਹਨ, ਜਿਨ੍ਹਾਂ 'ਤੇ ਅਕਾਲੀ ਦਲ ਦੀ ਨੀਂਹ ਰੱਖੀ ਗਈ ਸੀ। ਇਸ ਲਈ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਵੀ ਦਿੱਤਾ ਸੀ ਕਿਉਂਕਿ ਪਾਰਟੀ ਕੁਝ ਸਿਧਾਂਤਾਂ ਦੀ ਅਣਦੇਖੀ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਿਚ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਸੀ ਪਰ ਹੁਣ ਬੋਲਣ ਵਾਲਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੀ ਕੋਸ਼ਿਸ਼ ਇਹੀ ਹੈ ਕਿ ਪਾਰਟੀ ਵਿਚ ਲੋਕਤੰਤਰ ਬਹਾਲ ਹੋਵੇ, ਪੰਥਕ ਮੁੱਦਿਆਂ ਦੀ ਚਰਚਾ ਵੱਲ ਧਿਆਨ ਦਿੱਤਾ ਜਾਵੇ। 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ 99ਵੀਂ ਵਰ੍ਹੇਗੰਢ ਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਇਸ ਸਮਾਗਮ ਵਿਚ ਉਹ ਸੀਨੀਅਰ ਅਕਾਲੀ ਆਗੂ ਵੀ ਸ਼ਾਮਲ ਹੋ ਰਹੇ ਹਨ ਜਿਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਸਮਾਗਮ ਵਿਚ ਇਨ੍ਹਾਂ ਸਾਰਿਆਂ ਦੀ ਗੱਲ ਵੀ ਸੁਣੀ ਜਾਵੇਗੀ ਤਾਂ ਕਿ ਪਾਰਟੀ ਨੂੰ ਦੁਬਾਰਾ ਪਟੜੀ 'ਤੇ ਲਿਆਂਦਾ ਜਾ ਸਕੇ। ਪ੍ਰਮਿੰਦਰ ਸਿੰਘ ਢੀਂਡਸਾ ਵਲੋਂ ਪਾਰਟੀ ਛੱਡਣ ਦੇ ਸਵਾਲ 'ਤੇ ਕਿਹਾ ਕਿ ਉਹੀ ਜਵਾਬ ਦੇ ਸਕਦੇ ਹਨ।
ਬੈਂਸ ਭਰਾਵਾਂ ਦਾ ਵੀ ਸਵਾਗਤ
ਢੀਂਡਸਾ ਨੇ ਕਿਹਾ ਕਿ ਕਲ ਹੀ ਮੇਰੀ ਬੈਂਸ ਭਰਾਵਾਂ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਰਿਹਾ ਹੈ। ਅਜਿਹੇ ਵਿਚ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਵਿਚ ਪੂਰਾ ਸਹਿਯੋਗ ਦੇਣਗੇ। ਇਸੇ ਲੜੀ ਵਿਚ ਮਨਜੀਤ ਸਿੰਘ ਜੀ. ਕੇ. ਨਾਲ ਵੀ ਗੱਲ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਜੀ. ਕੇ. ਨੂੰ ਵੀ ਪਾਰਟੀ ਵਿਚੋਂ ਲੋਕਤੰਤਰੀ ਢੰਗ ਨਾਲ ਬਾਹਰ ਨਹੀਂ ਕੱਢਿਆ ਗਿਆ। ਜੀ. ਕੇ. ਬਾਰੇ ਘਰ ਬੈਠ ਕੇ ਹੀ ਫੈਸਲਾ ਲੈ ਲਿਆ ਗਿਆ, ਜੋ ਸਹੀ ਨਹੀਂ ਹੈ। ਪਾਰਟੀ ਵਿਚੋਂ ਕਿਸੇ ਨੂੰ ਕੱਢਣ ਤੋਂ ਪਹਿਲਾਂ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ। ਕਮੇਟੀ ਬਣਾਈ ਜਾਂਦੀ ਹੈ ਜੋ ਪ੍ਰਧਾਨ ਨੂੰ ਰਿਪੋਰਟ ਕਰਦੀ ਹੈ। ਕਿਸੇ ਨੂੰ ਵੀ ਸਿੱਧਾ ਪਾਰਟੀ ਵਿਚੋਂ ਬਾਹਰ ਕੱਢਣਾ ਤਾਨਾਸ਼ਾਹੀ ਹੀ ਹੈ।
ਪ੍ਰਮਿੰਦਰ ਸਿੰਘ ਢੀਂਡਸਾ ਨੇ ਕਿਹਾ-ਮੈਂ ਸ਼੍ਰੋਅਦ ਦਾ ਵਫਾਦਾਰ ਸਿਪਾਹੀ
ਪਾਰਟੀ ਛੱਡਣ ਦੀਆਂ ਸਾਰੀਆਂ ਅਟਕਲਾਂ ਦਰਮਿਆਨ ਬੁੱਧਵਾਰ ਨੂੰ ਪ੍ਰਮਿੰਦਰ ਸਿੰਘ ਢੀਂਡਸਾ ਨੇ ਚੁੱਪੀ ਤੋੜਦਿਆਂ ਕਿਹਾ ਕਿ ਪਾਰਟੀ ਨਾਲ ਨਾਰਾਜ਼ਗੀ ਦਾ ਕੋਈ ਸਵਾਲ ਹੀ ਨਹੀਂ ਹੈ। ਪ੍ਰਮਿੰਦਰ ਨੇ ਕਿਹਾ ਕਿ ਪਾਰਟੀ ਨੇ ਬੜਾ ਸਨਮਾਨ ਦਿੱਤਾ ਹੈ। 5 ਵਾਰ ਵਿਧਾਇਕ ਅਤੇ 2 ਵਾਰ ਮੰਤਰੀ ਬਣਿਆ। ਅਜਿਹੇ ਵਿਚ ਅਕਾਲੀ ਦਲ ਤੋਂ ਬੇਮੁਖ ਹੋਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਸ਼੍ਰੋਅਦ ਦਾ ਵਫਾਦਾਰ ਸਿਪਾਹੀ ਹਾਂ।


Babita

Content Editor

Related News