SGPC ਦੇ ਸਾਬਕਾ ਜਨਰਲ ਸਕੱਤਰ ਭੌਰ ਦੀ ਜ਼ਮਾਨਤ ਅਰਜ਼ੀ ''ਤੇ ਕੋਰਟ ਨੇ ਫੈਸਲਾ ਰੱਖਿਆ ਰਿਜ਼ਰਵ
Thursday, Sep 13, 2018 - 01:52 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਬਰਾਗੜੀ ਇਨਸਾਫ ਮੋਰਚੇ ਦੌਰਾਨ ਕਥਿਤ ਤੌਰ 'ਤੇ ਕੀਤੀ ਗਈ ਗਲਤ ਟਿੱਪਣੀ ਨੂੰ ਲੈ ਕੇ ਦਰਜ ਹੋਏ ਪੁਲਸ ਮਾਮਲੇ 'ਚ ਅਦਾਲਤ ਵੱਲੋਂ 22 ਸਤੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜੇ ਗਏ ਐੱਸ. ਜੀ. ਪੀ. ਸੀ. ਦੇ ਸਾਬਕਾ ਜਨਰਲ ਸਕੱਤਰ ਅਤੇ ਪੰਥਕ ਫਰੰਟ ਦੇ ਕਨਵੀਨਰ ਸੁਖਦੇਵ ਸਿੰਘ ਭੌਰ ਲਈ ਜ਼ਮਾਨਤ ਲਈ ਦਾਇਰ ਕੀਤੀ ਗਈ ਅਰਜ਼ੀ 'ਤੇ ਅੱਜ ਮਾਣਯੋਗ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਿਜ਼ਰਵ ਰੱਖ ਲਿਆ ਹੈ।
ਇਥੇ ਦੱਸਣਯੋਗ ਹੈ ਕਿ ਬਰਗਾੜੀ ਇਨਸਾਫ ਮੋਰਚੇ ਦੌਰਾਨ ਭੌਰ ਦੀ ਸੰਤ ਰਾਮਾਨੰਦ ਮਹਾਰਾਜ ਜੀ ਖਿਲਾਫ ਕੀਤੀ ਗਈ ਗਲਤ ਟਿਪਣੀ ਦੀ ਵੀਡੀਓ ਵਾਇਰਲ ਹੋ ਗਈ ਸੀ, ਜਿਸ ਦੇ ਚਲਦਿਆਂ ਕਸਬਾ ਬੰਗਾ 'ਚ ਸਥਿਤੀ ਤਣਾਅਪੂਰਨ ਹੋਣ 'ਤੇ ਪੁਲਸ ਨੇ ਭੌਰ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਸੀ। ਬੀਤੀ ਸ਼ਨੀਵਾਰ ਨੂੰ ਭੌਰ ਨੂੰ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕਰਕੇ ਮਾਣਯੋਗ ਅਦਾਲਤ ਨੇ 22 ਸਤੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ।