ਸੁਖਬੀਰ ਡੇਰਾ ਮੁਖੀ ਨਾਲ ਆਪਣੀ ਸਾਂਝ ਬਾਰੇ ਸਥਿਤੀ ਸਪਸ਼ਟ ਕਰਨ : ਜਾਖੜ
Monday, Jul 20, 2020 - 05:40 PM (IST)
ਜਲੰਧਰ (ਧਵਨ) : ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਸਰਕਾਰ ਦੇ ਵੇਲੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੋ ਕਿ ਉਸ ਵੇਲੇ ਗ੍ਰਹਿ ਮੰਤਰੀ ਵੀ ਸਨ, ਵਲੋਂ ਡੇਰਾ ਮੁਖੀ ਸਬੰਧੀ ਅਦਾਲਤਾਂ 'ਚ ਦਿੱਤੇ ਗਏ ਹਲਫਨਾਮੇ ਮੀਡੀਆ ਨਾਲ ਸਾਂਝੇ ਕਰਦਿਆਂ ਸੁਖਬੀਰ ਨੂੰ ਡੇਰੇ ਨਾਲ ਕੀਤੇ ਗਏ ਗੁਪਤ ਸਮਝੌਤਿਆਂ ਤੋਂ ਬਾਅਦ ਯੂ-ਟਰਨ ਲੈਣ ਸਬੰਧੀ ਸੱਚਾਈ ਸਿੱਖ ਪੰਥ ਸਾਹਮਣੇ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ 2007 'ਚ ਹੀ ਡੇਰਾ ਮੁਖੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨਣ ਦੇ ਮਾਮਲੇ 'ਚ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਉਸ ਤੋਂ ਬਾਅਦ 2015 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਦੁੱਖਦਾਇਕ ਘਟਨਾਵਾਂ ਨਾ ਵਾਪਰਦੀਆਂ ਅਤੇ ਨਾ ਹੀ ਬਹਿਬਲਕਲਾਂ ਵਰਗਾ ਗੋਲੀ ਕਾਂਡ ਹੁੰਦਾ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਫ਼ੀਸਾਂ ਦੇ ਮਾਮਲੇ 'ਤੇ ਮਾਪਿਆਂ ਨੂੰ ਹਾਈਕੋਰਟ ਦਾ ਵੱਡਾ ਝਟਕਾ
ਜਾਖੜ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਤੇ ਸੂਬਾ ਕਾਂਗਰਸ ਦੇ ਬੁਲਾਰੇ ਦਲਜੀਤ ਸਿੰਘ ਗਿਲਜੀਆਂ ਨਾਲ ਸਾਂਝੇ ਤੌਰ 'ਤੇ ਕਿਹਾ ਕਿ ਸੁਖਬੀਰ ਨੇ ਵੋਟਾਂ ਦੇ ਲਾਲਚ 'ਚ ਵਾਰ-ਵਾਰ ਪੰਥ ਦੀ ਪਿੱਠ 'ਚ ਛੁਰਾ ਮਾਰ ਕੇ ਡੇਰਾ ਮੁਖੀ ਨਾਲ ਆਪਣੀ ਸਾਂਝ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਡੇਰੇ ਦੇ ਪੈਰੋਕਾਰਾਂ ਨੇ ਬਾਕਾਇਦਾ ਪ੍ਰੈੱਸ ਕਾਨਫਰੰਸ ਕਰ ਕੇ ਜਨਤਕ ਤੌਰ 'ਤੇ ਇਹ ਗੱਲ ਮੰਨ ਲਈ ਹੈ ਕਿ ਉਨ੍ਹਾਂ ਅਕਾਲੀ ਦਲ ਦੇ ਹੱਕ ਵਿਚ ਵੋਟਿੰਗ ਕੀਤੀ ਸੀ। ਡੇਰੇ ਨਾਲ ਜੁੜੀਆਂ ਘਟਨਾਵਾਂ ਨੂੰ ਮੀਡੀਆ ਸਾਹਮਣੇ ਰੱਖਦਿਆਂ ਜਾਖੜ ਨੇ ਕਿਹਾ ਕਿ 2007 ਵਿਚ 11 ਤੋਂ 13 ਮਈ ਤਕ ਡੇਰਾ ਮੁਖੀ ਪੰਜਾਬ ਦੇ ਸਲਾਬਤਪੁਰ 'ਚ ਆਇਆ ਸੀ ਅਤੇ ਉੱਥੇ ਉਸ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨ ਕੇ ਜਾਮ-ਏ-ਇੰਸਾ ਪਿਆਉਣ ਦਾ ਸਵਾਂਗ ਰਚਿਆ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਉਸ ਵੇਲੇ ਸਿੱਖ ਪੰਥ 'ਚ ਭਾਰੀ ਰੋਸ ਪੈਦਾ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਜਾਂਚ ਕਰ ਕੇ ਅਕਾਲੀ ਸਰਕਾਰ ਨੇ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਅਤੇ ਇਹ ਕੇਸ ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਦਰਜ ਹੋਇਆ ਸੀ। ਉਸ ਵੇਲੇ ਦੇ ਉੱਪ-ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ 2 ਵਾਰ ਹਲਫਨਾਮੇ ਦਾਇਰ ਕਰ ਕੇ ਕਿਹਾ ਕਿ ਡੇਰਾ ਮੁਖੀ ਨੇ ਨਾ ਸਿਰਫ ਭਾਵਨਾਵਾਂ ਭੜਕਾਈਆਂ, ਸਗੋਂ ਆਪਣੇ ਚੇਲਿਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਸਨ ਕਿ ਡੇਰਾ ਮੁਖੀ ਦੇ ਨਿੰਦਕਾਂ ਨੂੰ ਜੇ ਮਾਰਨਾ ਪਵੇ ਤਾਂ ਮਾਰ ਦੇਣਾ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਡੇਰੇ ਨਾਲ ਸੌਦੇਬਾਜ਼ੀ ਸ਼ੁਰੂ ਹੋਈਆਂ
ਜਾਖੜ ਨੇ ਕਿਹਾ ਕਿ ਕਿਉਂਕਿ ਬਾਦਲ ਪਰਿਵਾਰ ਨੇ 2009 ਵਿਚ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜਨੀਆਂ ਸਨ, ਇਸ ਲਈ ਡੇਰੇ ਨਾਲ ਸੌਦੇਬਾਜ਼ੀ ਸ਼ੁਰੂ ਹੋਈ ਅਤੇ ਚੋਣਾਂ ਵਿਚ ਡੇਰੇ ਵਲੋਂ ਅਕਾਲੀ ਦਲ ਦੀ ਮਦਦ ਤੋਂ ਬਾਅਦ ਡੇਰਾ ਮੁਖੀ ਨੇ ਜਾਣ ਲਿਆ ਸੀ ਕਿ ਸੁਖਬੀਰ ਬਾਦਲ ਨੂੰ ਵੋਟਾਂ ਦਾ ਲਾਲਚ ਦੇ ਕੇ ਕੁਝ ਵੀ ਕਰਵਾਇਆ ਜਾ ਸਕਦਾ ਹੈ। ਇਸ ਲਈ ਉਸ ਦੇ ਦਬਾਅ 'ਚ 2012 ਦੀਆਂ ਚੋਣਾਂ ਤੋਂ ਸਿਰਫ 3 ਦਿਨ ਪਹਿਲਾਂ ਸਰਕਾਰ ਨੇ ਯੂ-ਟਰਨ ਲੈਂਦਿਆਂ ਨਵਾਂ ਹਲਫਨਾਮਾ ਦਾਇਰ ਕਰ ਦਿੱਤਾ ਕਿ 13 ਮਈ 2007 ਨੂੰ ਡੇਰਾ ਮੁਖੀ ਸਲਾਬਤਪੁਰ ਆਇਆ ਹੀ ਨਹੀਂ ਸੀ ਅਤੇ ਨਾ ਹੀ ਉਸ ਨੇ ਕੋਈ ਪ੍ਰਚਾਰ ਕੀਤਾ ਸੀ। ਇਸ ਤੋਂ ਬਾਅਦ ਡੇਰੇ ਨੂੰ ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਮੁਆਫੀ ਦਿੱਤੀ ਗਈ ਅਤੇ ਫਿਲਮ ਵੀ ਚਲਾਈ ਗਈ, ਜਦਕਿ ਉਸ ਸਮੇਂ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਘਟਨਾਵਾਂ ਹੋਈਆਂ ਅਤੇ ਪੰਥਕ ਸਰਕਾਰ ਦੇ ਕਾਰਜਕਾਲ 'ਚ ਬਹਿਬਲਕਲਾਂ ਗੋਲੀਕਾਂਡ ਹੋਇਆ। ਸੂਬਾ ਪ੍ਰਧਾਨ ਨੇ ਕਿਹਾ ਕਿ ਜੇ 2007 ਵਿਚ ਹੀ ਡੇਰਾ ਮੁਖੀ ਖਿਲਾਫ ਕਾਰਵਾਈ ਕਰ ਦਿੱਤੀ ਜਾਂਦੀ ਤਾਂ ਪੰਥ ਦਾ ਇੰਨਾ ਵੱਡਾ ਨੁਕਸਾਨ ਨਾ ਹੁੰਦਾ।