‘ਆਪ’ ਬੰਦੀ ਸਿੰਘਾਂ ਦੀ ਰਿਹਾਈ ਦੇ ਖ਼ਿਲਾਫ਼, ਫਿਰੌਤੀਆਂ ਤੋਂ ਡਰਦੇ ਆਲੂ ਵਪਾਰੀ ਨਹੀਂ ਆ ਰਹੇ ਪੰਜਾਬ : ਸੁਖਬੀਰ ਬਾਦਲ

02/17/2023 12:43:20 PM

ਸ਼ਾਹਕੋਟ/ਨਕੋਦਰ (ਜ.ਬ., ਟੁੱਟ, ਅਰਸ਼ਦੀਪ, ਤ੍ਰੇਹਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਬੰਦੀ ਸਿੰਘਾਂ ਗੁਰਮੀਤ ਸਿੰਘ ਇੰਜੀ. ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕ ਰਹੀ ਹੈ ਅਤੇ ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚਲਾਈ ਜਾ ਰਹੀ ਹਸਤਾਖ਼ਰ ਮੁਹਿੰਮ ਨੂੰ 18 ਫਰਵਰੀ ਤੋਂ ਪਿੰਡਾਂ ’ਚ ਚਲਾਉਣ ’ਚ ਪੂਰਾ ਡੱਟਵਾਂ ਸਮਰਥਨ ਦੇਣ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਸਰਕਾਰ ਗੁਰਮੀਤ ਸਿੰਘ ਇੰਜੀ. ਦੀ ਰਿਹਾਈ ਦੇ ਰਾਹ ’ਚ ਅੜਿੱਕਾ ਬਣ ਗਈ ਹੈ। ਇੰਜੀ. ਨੂੰ ਹਾਲ ਹੀ ’ਚ 27 ਸਾਲਾਂ ਤੋਂ ਬਾਅਦ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਜੀ. ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚ ਬੰਦ ਸਨ ਤਾਂ ਯੂ. ਟੀ. ਪ੍ਰਸ਼ਾਸਨ ਨੇ ਪਟਿਆਲਾ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪੱਤਰ ਲਿਖ ਕੇ ਬੰਦੀ ਸਿੰਘ ਦੀ ਰਿਹਾਈ ਪਹਿਲਾਂ ਕੀਤੇ ਜਾਣ ਦੀ ਅਰਜ਼ੀ ’ਤੇ ਰਿਪੋਰਟ ਮੰਗੀ ਸੀ। ‘ਆਪ’ ਸਰਕਾਰ ਨੇ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ ਗੁਰਮੀਤ ਸਿੰਘ ਇੰਜੀ. ਇਕ ਸ਼ੈਤਾਨੀ ਦਿਮਾਗ ਵਾਲਾ ਬੰਦਾ ਹੈ, ਜੋ ਬੰਬ ਬਣਾਉਣ ਦਾ ਮਾਹਿਰ ਹੈ ਅਤੇ ਜੇਕਰ ਇਸ ਨੂੰ ਰਿਹਾਅ ਕੀਤਾ ਗਿਆ ਤਾਂ ਇਹ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਦੀ ‘ਆਪ’ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਰਜ਼ੀ ਚਾਰ ਵਾਰ ਰੱਦ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦੋਵੇਂ ਕਾਰਵਾਈਆਂ ਸਾਬਿਤ ਕਰਦੀਆਂ ਹਨ ਕਿ ‘ਆਪ’ ਬੰਦੀ ਸਿੰਘਾਂ ਦੀ ਰਿਹਾਈ ਦੇ ਖ਼ਿਲਾਫ਼ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਕਦਮ, ਹੁਣ ਲੋਕ ਅਧਿਕਾਰੀਆਂ ਕੋਲ ਨਹੀਂ, ਅਧਿਕਾਰੀ ਲੋਕਾਂ ਕੋਲ ਪਹੁੰਚ ਕੇ ਮੁਸ਼ਕਿਲਾਂ ਕਰਨਗੇ ਹੱਲ

ਦੋਨਾ ਇਲਾਕੇ ਦੇ ਵਰਕਰਾਂ ਨਾਲ ਕੀਤੀ ਮੁਲਾਕਾਤ
ਇਸ ਮੌਕੇ ਪਿੰਡ ਬਿੱਲੀ ਚਾਓ ਵਿਖੇ ਹਾਈ ਟੈੱਕ ਕੋਲਡ ਸਟੋਰ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਰਕਰਾਂ ਨਾਲ ਦੋਨਾ ਸਰਕਲ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ’ਚ ਵਰਕਰ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ’ਚ ਦੋਨਾ ਇਲਾਕੇ ਦੇ 25 ਦੇ ਪਿੰਡਾਂ ’ਚੋਂ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਇਕੱਲੇ-ਇਕੱਲੇ ਟੇਬਲ ’ਤੇ ਜਾ ਕੇ ਪਾਰਟੀ ਵਰਕਰਾਂ ਨਾਲ ਮਿਲਣੀ ਕੀਤੀ ਅਤੇ ਆਖਿਆ ਕਿ ਪਾਰਟੀ ’ਚ ਉਤਰਾਅ-ਚੜ੍ਹਾਅ ਆਉਂਦੇ-ਜਾਂਦੇ ਰਹਿੰਦੇ ਹਨ। ਪਾਰਟੀ ਵਰਕਰਾਂ ਨਾਲ ਸਦਾ ਚੜ੍ਹਦੀ ਕਲਾ ’ਚ ਰਹਿੰਦੀ ਹੈ। ਪਾਰਟੀ ਵਰਕਰ ਇਕ ਵਾਰ ਫਿਰ ਤੋਂ ਹੰਭਲਾ ਮਾਰ ਕੇ ਮੁੜ ਤੋ ਸ਼੍ਰੋਮਣੀ ਅਕਾਲੀ ਦਲ ਸਰਕਾਰ ਦਾ ਪੰਜਾਬ ’ਚ ਮੁੱਢ ਬੰਨਣਗੇ।

PunjabKesari

ਗੈਂਗਸਟਰਾਂ ਦੀਆਂ ਫਿਰੌਤੀਆਂ ਤੋਂ ਡਰਦੇ ਆਲੂ ਵਪਾਰੀ ਪੰਜਾਬ ਨਹੀਂ ਆ ਰਹੇ
ਉਨ੍ਹਾਂ ਇਸ ਮੌਕੇ ਖਿੱਤੇ ਦੇ ਆਲੂ ਉਤਪਾਦਕਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਤਪਾਦਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਸੂਬੇ ’ਚ ਗੈਂਗਸਟਰ ਅਤੇ ਫਿਰੌਤੀਆਂ ਦੇ ਸੱਭਿਆਚਾਰ ਕਾਰਨ ਬਾਹਰੋਂ ਵਪਾਰੀ ਆਲੂ ਖ਼ਰੀਦਣ ਨਹੀਂ ਆ ਰਹੇ, ਜਿਸ ਕਾਰਨ ਆਲੂ ਦੀਆਂ ਕੀਮਤਾਂ 250 ਰੁਪਏ ਪ੍ਰਤੀ ਕੁਇੰਟਲ ਤੱਕ ਡਿੱਗ ਗਈਆਂ ਹਨ, ਜੋਕਿ ਲਾਗਤ ਨਾਲੋਂ ਵੀ ਘੱਟ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਰੁਸਤੀ ਵਾਲੇ ਕਦਮ ਚੁੱਕਣ ਤਾਂ ਜੋ ਆਲੂ ਉਤਪਾਦਕਾਂ ਨੂੰ ਬਚਾਇਆ ਜਾ ਸਕੇ। ਸ਼ਾਹਕੋਟ ਹਲਕੇ ਦੌਰਾਨ ਉਨ੍ਹਾਂ ਬਿੱਲੀ ਚਾਓ, ਲੋਹੀਆਂ ਖਾਸ, ਕੋਹਾੜ ਖੁਰਦ, ਸ਼ਾਹਕੋਟ ਤੇ ਮਹਿਤਪੁਰ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਅਤੇ ਡਾ. ਏ. ਐੱਸ. ਥਿੰਦ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੀ ਡੇਟਸ਼ੀਟ 'ਚ ਤਬਦੀਲੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News