ਕਾਂਗਰਸ ਅਤੇ ‘ਆਪ’ ਨੂੰ ਚੋਣਾਂ ’ਚ ਲੋਕ ਮੂੰਹਤੋੜ ਦੇਣਗੇ ਜਵਾਬ : ਸੁਖਬੀਰ ਬਾਦਲ

Friday, Jan 21, 2022 - 10:49 AM (IST)

ਕਾਂਗਰਸ ਅਤੇ ‘ਆਪ’ ਨੂੰ ਚੋਣਾਂ ’ਚ ਲੋਕ ਮੂੰਹਤੋੜ ਦੇਣਗੇ ਜਵਾਬ : ਸੁਖਬੀਰ ਬਾਦਲ

ਜਲੰਧਰ (ਲਾਭ ਸਿੰਘ ਸਿੱਧੂ)– ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ’ਚ ਲੱਗੀਆਂ ਹੋਈਆਂ ਹਨ ਪਰ ਪੰਜਾਬ ਦੇ ਲੋਕ ਚੋਣਾਂ ’ਚ ਇਨ੍ਹਾਂ ਪਾਰਟੀਆਂ ਨੂੰ ਮੂੰਹਤੋੜ ਜਵਾਬ ਦੇਣਗੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੀ। ਸੁਖਬੀਰ ਨੇ ਕਿਹਾ ਕਿ ਕਾਂਗਰਸ ਪਾਰਟੀ ਬੇਅਦਬੀ ਦੇ ਮੁੱਦੇ ’ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਸੱਤਾ ਤਕ ਪਹੁੰਚੀ ਪਰ ਉਸ ਨੇ ਬੇਅਦਬੀ ਦੇ ਮਾਮਲਿਆਂ ’ਚ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਉਸ ਦੇ ਸਿਪਾਸਲਾਰਾਂ ਨੇ ਅਕਾਲੀ ਲੀਡਰਾਂ ਨੂੰ ਹੀ ਝੂਠੇ ਕੇਸਾਂ ’ਚ ਫਸਾਉਣ ਦਾ ਕੋਝਾ ਯਤਨ ਕੀਤਾ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਅਕਾਲੀਆਂ ਨੂੰ ਕਮਜ਼ੋਰ ਕਰਨ ਦੀ ਰਾਜਨੀਤੀ ਕੀਤੀ ਹੈ। ਕਾਂਗਰਸ ਭਲੀਭਾਂਤ ਜਾਣੂ ਹੈ ਕਿ ਉਹ ਅਕਾਲੀ ਦਲ ਦਾ ਸਾਹਮਣਾ ਨਹੀਂ ਕਰ ਸਕਦੀ ਅਤੇ ਇਸ ਲਈ ਉਹ ਝੂਠੇ ਕੇਸਾਂ ਦਾ ਸਹਾਰਾ ਲੈਂਦੀ ਰਹੀ ਹੈ। ਕਾਂਗਰਸ ਸਰਕਾਰ ਨੇ ਪੰਜ ਸਾਲਾਂ ’ਚ ਸੂਬੇ ਦਾ ਉਹ ਹਾਲ ਕਰ ਦਿੱਤਾ, ਜਿਸ ਨੂੰ ਪੈਰਾਂ ਸਿਰ ਖੜਾ ਕਰਨ ਲਈ ਕਾਫ਼ੀ ਲੰਬਾ ਸਮਾਂ ਲੱਗੇਗਾ। ਸੂਬੇ ’ਤੇ ਕਰਜ਼ੇ ਦੀ ਪੰਡ ਇਸ ਲਈ ਭਾਰੂ ਹੋ ਗਈ ਕਿਉਂਕਿ ਕਾਂਗਰਸ ਨੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ। ਸੁਖਬੀਰ ਨੇ ਕਿਹਾ ਕਿ ਚੰਨੀ ਸਰਕਾਰ ਦੇ 3 ਮਹੀਨਿਆਂ ਦੇ ਕਾਰਜਕਾਲ ਦੇ ਫ਼ੈਸਲਿਆਂ ਦੀ ਮੁੜ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਕਿਸੇ ਵੀ ਫ਼ੈਸਲੇ ’ਚ ਭ੍ਰਿਸ਼ਟਾਚਾਰ ਦੀ ਗੱਲ ਸਾਹਮਣੇ ਆਈ ਤਾਂ ਉਸ ਨੂੰ ਰੱਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਭਗਵੰਤ ਮਾਨ ਲੜਨਗੇ ਧੂਰੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ

ਸੁਖਬੀਰ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਵਿਧਾਇਕਾਂ ਅਤੇ ਲੀਡਰਾਂ ਨੇ ਗਲਤ ਤਰੀਕੇ ਨਾਲ ਮਾਈਨਿੰਗ ਕਰਕੇ ਸਰਕਾਰੀ ਖਜ਼ਾਨੇ ਨੂੰ ਅਰਬਾਂ ਦਾ ਨੁਕਸਾਨ ਪਹੁੰਚਾਇਆ। ਮੁੱਖ ਮੰਤਰੀ ਦੇ ਰੇਤਾ ਸਸਤੀ ਕਰਨ ਦੇ ਦਾਅਵੇ ਦੀ ਉਸ ਵੇਲੇ ਪੋਲ ਖੁੱਲ੍ਹ ਗਈ ਜਦ ਈ. ਡੀ. ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ ’ਤੇ ਛਾਪਾ ਮਾਰ ਕੇ ਮਾਈਨਿੰਗ ਕਾਰੋਬਾਰ ਨਾਲ ਕਮਾਈ 10 ਕਰੜੋ ਰੁਪਏ ਦੀ ਰਾਸ਼ੀ ਫੜ੍ਹ ਲਈ। ਉਨ੍ਹਾਂ ਕਿਹਾ ਕਿ ਚੰਨੀ ਨੇ 3 ਮਹੀਨਿਆਂ ’ਚ ਸਭ ਕਸਰਾਂ ਪੂਰੀਆਂ ਕਰ ਦਿੱਤੀਆਂ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਸਮੁੱਚੇ ਮਾਈਨਿੰਗ ਮਾਮਲੇ ’ਚ ਹੋਏ ਘਪਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਘਪਲੇ ’ਚ ਕਾਂਗਰਸ ਹਾਈਕਮਾਂਡ ਤਕ ਦੇ ਆਗੂ ਸ਼ਾਮਲ ਹਨ ਅਤੇ ਮੋਟੀਆਂ ਰਕਮਾਂ ਹਾਈਕਮਾਂਡ ਤਕ ਪਹੁੰਚਦੀਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੂਬੇ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਵੱਲੋਂ ਆਈਲੈੱਟਸ ਸੈਂਟਰਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਇਹ ਨਵੇਂ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News