ਸੁਖਬੀਰ ਸਿੰਘ ਬਾਦਲ ਨੇ ਕੀਤੀ ਸਕਾਲਰਸ਼ਿਪ ਘਪਲੇ ''ਚ ਸੀ.ਬੀ.ਆਈ. ਜਾਂਚ ਦੀ ਮੰਗ

Wednesday, Sep 02, 2020 - 06:04 PM (IST)

ਸੁਖਬੀਰ ਸਿੰਘ ਬਾਦਲ ਨੇ ਕੀਤੀ ਸਕਾਲਰਸ਼ਿਪ ਘਪਲੇ ''ਚ ਸੀ.ਬੀ.ਆਈ. ਜਾਂਚ ਦੀ ਮੰਗ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਐੱਸ.ਸੀ. ਬੱਚਿਆਂ ਦੀ ਸਕਾਲਰਸ਼ਿਪ 'ਚ ਘੁਟਾਲਾ ਕਰਨ ਦੇ ਲੱਗੇ ਦੋਸ਼ਾਂ ਤਹਿਤ ਜਿੱਥੇ ਵਿਰੋਧੀ ਧਿਰਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਬਾਦਲ ਨੇ ਕਿਹਾ ਪਹਿਲਾ ਰੇਲ ਹਾਦਸਾ ਮਾਮਲੇ 'ਚ ਵੀ ਕਾਂਗਰਸ ਵਲੋਂ ਆਪਣੇ ਪੱਧਰ ਤੇ ਸਿੱਟ ਬਣਾ ਕੇ ਜਾਂਚ 'ਚ ਜਿੰਮੇਵਾਰ ਵਿਅਕਤੀਆਂ ਨੂੰ ਕੱਢ ਦਿੱਤਾ ਗਿਆ। ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਵੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਬਜਾਇ ਫਿਰ ਉਸੇ ਤਰ੍ਹਾਂ ਸਿੱਟ ਬਣਾ ਦਿੱਤੀ ਗਈ।

ਸੁਖਬੀਰ ਬਾਦਲ ਨੇ ਕਿਹਾ ਕਿ ਐੱਸ.ਸੀ. ਬੱਚਿਆ ਦੇ ਸਕਾਲਰਸ਼ਿਪ ਮਾਮਲੇ 'ਚ ਕਰੋੜਾਂ ਦਾ ਘੁਟਾਲਾ ਸਾਹਮਣੇ ਆ ਰਿਹਾ ਹੈ, ਪਰ ਸੀ.ਬੀ.ਆਈ. ਜਾਂ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਬਜਾਇ ਫਿਰ ਤੋਂ ਆਪਣੇ ਪੱਧਰ ਤੇ ਕਮੇਟੀ ਬਣਾ ਕੇ ਹੀ ਜਾਂਚ ਨੂੰ ਸਰਕਾਰ ਆਪਣੇ ਹਿਸਾਬ ਨਾਲ ਕਰਵਾ ਕੇ ਮੰਤਰੀ ਦਾ ਬਚਾਅ ਕਰਨਾ ਚਾਹੁੰਦੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਸੁੱਖ ਦੀ ਨੀਂਦ ਨੇ ਪੰਜਾਬ ਦੇ ਲੱਖਾਂ ਐੱਸ.ਸੀ. ਬੱਚਿਆਂ ਦਾ ਭਵਿੱਖ ਰੋਲ਼ ਦਿੱਤਾ। ਕੇਂਦਰ ਤੋਂ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਲਈ ਆਇਆ ਕਰੋੜਾਂ ਰੁਪਿਆ, ਕਾਂਗਰਸ ਸਰਕਾਰ ਦੇ ਮੰਤਰੀ ਆਪ ਛਕ ਗਏ। ਸੱਚ ਉਜਾਗਰ ਹੋ ਚੁੱਕਿਆ ਹੈ, ਅਤੇ ਜੇ ਮੁੱਖ ਮੰਤਰੀ ਸੱਚਮੁੱਚ ਇਸ ਮਾਮਲੇ ਦੀ ਸਹੀ ਤੇ ਨਿਰਪੱਖ ਜਾਂਚ ਦੇ ਹੱਕ 'ਚ ਹਨ, ਤਾਂ ਇਹ ਜਾਂਚ ਸੀ.ਬੀ.ਆਈ. ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ।


author

Shyna

Content Editor

Related News