ਪੰਜਾਬ ''ਚ ਕੋਈ ਮੁੱਖ ਮੰਤਰੀ ਨਹੀਂ, ਅਫਸਰ ਚਲਾ ਰਹੇ ਸਰਕਾਰ : ਸੁਖਬੀਰ
Wednesday, Jan 15, 2020 - 02:22 PM (IST)
ਚੰਡੀਗੜ੍ਹ/ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵਲੋਂ ਸੁਖਬੀਰ ਬਾਦਲ ਦੀ ਅਗਵਾਈ ਹੇਠ ਅੱਜ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਬਿਜਲੀ ਮੁੱਦੇ ਕੈਪਟਨ ਸਰਕਾਰ ਦੀ ਸ਼ਿਕਾਇਤ ਕੀਤੀ ਗਈ ਹੈ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ 'ਚ ਕੋਈ ਮੁੱਖ ਮੰਤਰੀ ਹੈ ਹੀ ਨਹੀਂ। ਰਾਜਪਾਲ ਕੋਲ ਪਹੁੰਚੇ ਸੁਖਬੀਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਇੱਥੇ ਸੁਣਵਾਈ ਨਹੀਂ ਹੁੰਦੀ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਕਾਂਗਰਸ ਖਿਲਾਫ ਉਹ ਸੰਘਰਸ਼ ਨੂੰ ਉਦੋਂ ਤੱਕ ਜਾਰੀ ਰੱਖਣਗੇ, ਜਦੋਂ ਤੱਕ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਦੀ ਲੁੱਟ-ਖੋਹ ਖਤਮ ਨਹੀਂ ਕਰਦੀ।
ਸੁਖਬੀਰ ਨੇ ਇਸ ਮੌਕੇ ਰਾਜਪਾਲ ਨੂੰ ਬਿਜਲੀ ਸਬੰਧੀ ਕੈਪਟਨ ਸਰਕਾਰ ਵਲੋਂ ਕੀਤੇ ਗਏ 41 ਹਜ਼ਾਰ ਕਰੋੜ ਦੇ ਘੋਟਾਲੇ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ 3 ਨਿਜੀ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਜੀ ਕੰਪਨੀਆਂ ਨਾਲ ਕੈਪਟਨ ਸਰਕਾਰ ਦੇ ਅਫਸਰਾਂ ਦੀ ਮਿਲੀ-ਭੁਗਤ ਹੈ, ਜਿਸ ਦਾ ਖਾਮਿਆਜ਼ਾ ਪੰਜਾਬ ਦੀ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੰਘਰਸ਼ ਨੂੰ ਇੰਝ ਹੀ ਜਾਰੀ ਰੱਖਣਗੇ।