ਜਨਮ ਦਿਨ ਮੌਕੇ ਟਵਿਟਰ 'ਤੇ ਛਾਏ ਸੁਖਬੀਰ ਬਾਦਲ

07/09/2020 8:51:53 PM

ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ 'ਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਸੁਖਬੀਰ ਬਾਦਲ ਅੱਜ ਟਵਿਟਰ 'ਤੇ ਛਾਏ ਹੋਏ ਹਨ। ਸੁਖਬੀਰ ਬਾਦਲ ਅੱਜ 58 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 9 ਜੁਲਾਈ 1962 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ ਮੌਕੇ ਸੋਸ਼ਲ ਮੀਡੀਆ 'ਤੇ ਬੁੱਧਵਾਰ ਰਾਤ ਤੋਂ ਹੀ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਵਿਕਾਸ ਦਾ ਮਸੀਹਾ ਬਣੇ ਸੁਖਬੀਰ ਬਾਦਲ
ਜਨਮ ਦਿਨ ਮੌਕੇ ਜਿਥੇ ਸਮੁੱਚੇ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਫੀਸ਼ੀਅਲ ਫੇਸਬੁੱਕ ਪੇਜ 'ਤੇ ਵਿਕਾਸ ਦਾ ਮਸੀਹਾ ਦੱਸ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।

PunjabKesari

ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਵੀ ਟਵੀਟ ਰਾਹੀਂ ਵਧਾਈ ਦਿੰਦਿਆਂ ਲਿਖਿਆ ਕਿ ਪੰਜਾਬ ਦੇ 'ਵਿਕਾਸ ਪੁਰਸ਼', ਸੂਝਵਾਨ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਮੇਰੇ ਸਤਿਕਾਰਯੋਗ ਜੀਜਾ ਜੀ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ।

PunjabKesari

ਇਸ ਮੌਕੇ ਸੁਖਬੀਰ ਬਾਦਲ ਦੀ ਪਤਨੀ ਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਵਧਾਈ ਦਿੰਦਿਆਂ ਲਿਖਿਆ ਕਿ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਸੁਖਬੀਰ ਜੀ, ਗੁਰੂ ਮਹਾਰਾਜ ਜੀ ਤੁਹਾਡੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ ਅਤੇ ਭਵਿੱਖ ਦੇ ਸਾਰੇ ਕਦਮਾਂ 'ਤੇ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰੋ।

PunjabKesari

ਸਿਆਸੀ ਸਫਰ ਤੇ ਜੀਵਨ ਬਾਰੇ ਕੁੱਝ ਅਹਿਮ ਗੱਲਾਂ

ਵਿਦੇਸ਼ 'ਚੋਂ ਵੀ ਹਾਸਲ ਕੀਤੀ ਹੈ ਡਿਗਰੀ
ਸੁਖਬੀਰ ਸਿੰਘ ਬਾਦਲ ਨੇ ਪੰਜਾਬ 'ਚ ਹੀ ਨਹੀਂ ਬਲਕਿ ਵਿਦੇਸ਼ 'ਚੋਂ ਵੀ ਸਿੱਖਿਆ ਪ੍ਰਾਪਤ ਕੀਤੀ ਹੈ। ਸੁਖਬੀਰ ਬਾਦਲ ਲਾਰੈਂਸ ਸਕੂਲ ਸਨਾਵਰ 'ਚ ਪੜ੍ਹੇ ਅਤੇ ਉਨ੍ਹਾਂ ਐੱਮ.ਏ. ਇਕਨਾਮਿਕਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਪਿੱਛੋਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਲਾਸ ਏਂਜਲਸ ਤੋਂ ਐੱਮ. ਬੀ. ਏ. ਦੀ ਪੜ੍ਹਾਈ ਮੁਕੰਮਲ ਕੀਤੀ। ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸ.ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ।
ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਹਨ।

ਸਿਆਸੀ ਜੀਵਨ 'ਤੇ ਝਾਤ
ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਪੰਜਾਬ ਦੀ ਸਿਆਸਤ 'ਚ ਪੈਰ ਧਰਿਆ ਅਤੇ 11ਵੀਂ ਅਤੇ 12ਵੀਂ ਲੋਕ ਸਭਾ 'ਚ ਲਗਾਤਾਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ । 1998 ਤੋਂ 1999 ਦੌਰਾਨ ਸੁਖਬੀਰ ਬਾਦਲ ਕੇਂਦਰੀ ਰਾਜ ਮੰਤਰੀ ਵੀ ਰਹੇ। ਇਸ ਦੇ ਇਲਾਵਾ 2001 ਤੋਂ ਲੈ ਕੇ 2004 ਤੱਕ ਉਹ ਰਾਜ ਸਭਾ ਮੈਂਬਰ ਵੀ ਰਹੇ। 2004 'ਚ ਉਹ ਫਿਰ ਤੋਂ 14ਵੀਂ ਲੋਕ ਸਭਾ ਮੈਂਬਰ ਬਣੇ।                                                                      
2008 'ਚ ਉਹ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ 2009 'ਚ ਜਲਾਲਾਬਾਦ ਤੋਂ ਵਿਧਾਇਕ ਚੁਣੇ ਗਏ ਅਤੇ ਪੰਜਾਬ ਦੇ ਡਿਪਟੀ ਸੀ.ਐਮ ਬਣੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਇਆ। 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਦੇ 10 ਸਾਲ ਤੱਕ ਦੇ ਰਾਜ 'ਚ ਸੁਖਬੀਰ ਬਾਦਲ ਨੇ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ। 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਸੁਖਬੀਰ ਬਾਦਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਫਿਰੋਜ਼ਪੁਰ ਤੋਂ ਜਿੱਤ ਕੇ ਸੰਸਦ ਮੈਂਬਰ ਬਣੇ।    

 


Deepak Kumar

Content Editor

Related News