ਬੱਬੇਹਾਲੀ ਦੇ ਬੇਟੇ ''ਤੇ ਹੋਏ ਹਮਲੇ ਦਾ ਮੁੱਢ ਸਿੱਧੂ ਨੇ ਬੰਨ੍ਹਿਆ ਸੀ : ਸੁਖਬੀਰ
Wednesday, Nov 01, 2017 - 06:07 AM (IST)

ਚੰਡੀਗੜ੍ਹ(ਪਰਾਸ਼ਰ)—ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਮਰਜੋਤ ਉਤੇ ਗੁਰਦਾਸਪੁਰ ਵਿਖੇ ਕੀਤੇ ਗਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਹਕੂਮਤ ਅਧੀਨ ਸਿਆਸੀ ਬਦਲਾਖੋਰੀ, ਸਿਆਸੀ ਅਤੇ ਧਾਰਮਿਕ ਆਗੂਆਂ ਦੇ ਕਤਲਾਂ ਦੀਆਂ ਘਟਨਾਵਾਂ ਸਿਖਰਾਂ ਛੂਹ ਚੁੱਕੀਆਂ ਹਨ। ਇਥੇ ਇਕ ਪ੍ਰੈੱਸ ਬਿਆਨ 'ਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਆਗੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਉਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਾਬਕਾ ਵਿਧਾਇਕ ਦੇ ਬੇਟੇ ਅਮਰਜੋਤ ਅਤੇ ਦੋ ਹੋਰ ਵਿਅਕਤੀਆਂ ਨੂੰ ਬੱਬੇਹਾਲੀ ਪਿੰਡ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਐੱਸ. ਜੀ. ਪੀ. ਸੀ. ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਬੇਟੇ ਪਰਮਿੰਦਰ ਉਤੇ ਵੀ ਕਾਂਗਰਸੀ ਵਰਕਰਾਂ ਨੇ ਇਸੇ ਤਰੀਕੇ ਨਾਲ ਹਮਲਾ ਕੀਤਾ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਅਕਾਲੀਆਂ ਉਤੇ ਹਮਲੇ ਕਰਨ ਵਾਸਤੇ ਉਕਸਾਉਣ ਲਈ ਕਾਂਗਰਸੀ ਆਗੂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪਾਰਲੀਮਾਨੀ ਜ਼ਿਮਨੀ ਚੋਣ ਵਾਸਤੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਬੱਬੇਹਾਲੀ ਪਿੰਡ ਵਿਚ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਦੇ ਘਰ ਦੇ ਸਾਹਮਣੇ ਖੜ੍ਹ ਕੇ ਬਹੁਤ ਹੀ ਭੜਕਾਊ ਭਾਸ਼ਣ ਦਿੱਤਾ ਸੀ, ਜਿਸ ਨੇ ਅਮਰਜੋਤ ਉਤੇ ਹਮਲੇ ਦਾ ਮੁੱਢ ਬੰਨ੍ਹਿਆ।