ਕੋਰੋਨਾ ਆਫ਼ਤ ਦੌਰਾਨ ਸੁਖਬੀਰ ਦੀ ਕੈਪਟਨ ਨੂੰ ਦੋ-ਟੁੱਕ, ''ਨਹੀਂ ਸੰਭਾਲ ਸਕਦੇ ਤਾਂ ਛੱਡ ਦਿਓ ਜ਼ਿੰਮੇਵਾਰੀ''
Tuesday, Sep 01, 2020 - 10:48 AM (IST)
ਚੰਡੀਗੜ੍ਹ : ਪੰਜਾਬ 'ਚ ਲਗਾਤਾਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਕੋਰੋਨਾ ਮਹਾਮਾਰੀ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ-ਟੁੱਕ ਲਫ਼ਜ਼ਾਂ 'ਚ ਕਿਹਾ ਹੈ ਕਿ ਸੂਬੇ 'ਚ ਕੋਰੋਨਾ ਦੀ ਸਥਿਤੀ ਨੂੰ ਕੰਟਰੋਲ ਕਰਨ ਅਤੇ ਇਸ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਦੀ ਹੈ ਅਤੇ ਜੇਕਰ ਉਹ ਇਸ ਨੂੰ ਨਹੀਂ ਸੰਭਾਲ ਸਕਦੇ ਤਾਂ ਫਿਰ ਆਪਣੀ ਜ਼ਿੰਮੇਵਾਰੀ ਛੱਡ ਦੇਣ ਕਿਉਂਕਿ ਇਸ ਬੀਮਾਰੀ ਨੂੰ ਦੇਖਿਆ ਜਾਵੇ ਤਾਂ ਪੰਜਾਬ 'ਚ ਬਹੁਤ ਭਿਆਨਕ ਸਮਾਂ ਆ ਸਕਦਾ ਹੈ।
ਇਹ ਵੀ ਪੜ੍ਹੋ : ਹੋਟਲ 'ਚ ਚੱਲ ਰਿਹਾ ਦੇਹ ਵਪਾਰ ਦਾ ਅੱਡਾ ਬੇਨਕਾਬ, ਕਮਰਿਆਂ 'ਚ ਕੱਪੜੇ ਛੱਡ ਦੌੜੇ ਕੁੜੀਆਂ-ਮੁੰਡੇ
ਸੁਖਬੀਰ ਬਾਦਲ ਨੇ ਕੈਪਟਨ 'ਤੇ ਰਗੜੇ ਲਾਉਂਦੇ ਹੋਏ ਕਿਹਾ ਕਿ ਨਾ ਤਾਂ ਕੈਪਟਨ ਅਤੇ ਨਾ ਹੀ ਉਨ੍ਹਾਂ ਦੇ ਮੰਤਰੀ ਲੋਕਾਂ 'ਚ ਵਿਚਰ ਰਹੇ ਹਨ, ਜਿਸ ਕਾਰਨ ਸੂਬੇ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਲਈ ਸੂਬੇ ਦੇ ਹਸਪਤਾਲਾਂ ਚ ਵੈਂਟੀਲੇਟਰ ਨਹੀਂ ਹਨ, ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ, ਸਰਕਾਰੀ ਹਸਪਤਾਲਾਂ ਦੇ ਮਾੜੇ ਪ੍ਰਬੰਧਾਂ ਕਾਰਨ ਲੋਕ ਉਨ੍ਹਾਂ 'ਚ ਜਾਣ ਤੋਂ ਕਤਰਾ ਰਹੇ ਹਨ ਅਤੇ ਇੱਥੋਂ ਤੱਕ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਕਾਰੀ ਹਸਪਤਾਲਾਂ 'ਚ ਨਾ ਜਾਣ ਲਈ ਮਤੇ ਵੀ ਪਾਸ ਕਰ ਦਿੱਤੇ ਹਨ।
ਇਹ ਵੀ ਪੜ੍ਹੋ : 'ਓਲਾ-ਉਬਰ' 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਵਧੇਗੀ ਮੁਸਾਫ਼ਰਾਂ ਦੀ ਪਰੇਸ਼ਾਨੀ
ਸੁਖਬੀਰ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਕਾਰਨ ਪੰਜਾਬ 'ਚ ਤ੍ਰਾਹ-ਤ੍ਰਾਹ ਹੋਈ ਪਈ ਹੈ ਅਤੇ ਜਰਨੈਲ ਦਾ ਫਰਜ਼ ਹੁੰਦਾ ਹੈ ਕਿ ਉਹ ਅੱਗੇ ਆ ਕੇ ਲੜੇ ਪਰ ਕੈਪਟਨ ਤਾਂ ਇਕ ਵਾਰ ਵੀ ਆਪਣੇ ਘਰੋਂ ਬਾਹਰ ਨਹੀਂ ਨਿਕਲੇ ਤਾਂ ਕੋਰੋਨਾ ਦੀ ਲੜਾਈ ਕਿਵੇਂ ਜਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਇਸ ਬੀਮਾਰੀ ਦੌਰਾਨ ਸੂਬੇ ਨੂੰ ਇਕ ਮਜ਼ਬੂਤ ਨੇਤਾ ਦੀ ਲੋੜ ਹੈ, ਜੋ ਲੋਕਾਂ 'ਚ ਵਿਚਰ ਸਕੇ ਪਰ ਅਜਿਹਾ ਨਹੀਂ ਹੋ ਰਿਹਾ।
ਸੁਖਬੀਰ ਨੇ ਕਿਹਾ ਕਿ ਇੱਥੋਂ ਤੱਕ ਕਿ ਕਾਂਗਰਸ ਦੇ ਆਪਣੇ ਹੀ ਮੰਤਰੀ ਅਤੇ ਵਿਧਾਇਕ ਇਹ ਕਹਿਣ ਲੱਗ ਪਏ ਹਨ ਕਿ ਪੰਜਾਬ ਦਾ ਇਸ ਸਮੇਂ ਬੁਰਾ ਹਾਲ ਹੈ। ਉਨ੍ਹਾਂ ਕੈਪਟਨ ਨੂੰ ਕਿਹਾ ਕਿ ਇਕ ਜਰਨੈਲ ਦੀ ਤਰ੍ਹਾਂ ਕੋਰੋਨਾ ਦੀ ਇਸ ਲੜਾਈ 'ਚ ਅੱਗੇ ਆਉਣ ਤਾਂ ਜੋ ਇਸ 'ਤੇ ਠੱਲ੍ਹ ਪਾਈ ਜਾ ਸਕੇ।