ਸੁਖਬੀਰ ਦੀ ਕੈਪਟਨ ਨੂੰ ਚਿਤਾਵਨੀ, ਕਾਂਗਰਸ ਦੇ ਗਲਤ ਫੈਸਲਿਆਂ ਖਿਲਾਫ ਸੰਘਰਸ਼ ਵਿੱਢੇਗਾ ਅਕਾਲੀ ਦਲ
Saturday, May 30, 2020 - 05:49 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਨੀਵਾਰ ਨੂੰ ਇੱਥੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਗਈ ਕਿ ਸਰਕਾਰ ਦੇ ਹਰ ਗਲਤ ਫੈਸਲੇ ਖਿਲਾਫ ਅਕਾਲੀ ਦਲ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ 'ਚ ਬਹੁਤ ਜ਼ਿਆਦਾ ਲੁੱਟ ਹੋ ਰਹੀ ਹੈ ਅਤੇ ਇਸ ਦੀ ਸਭ ਤੋਂ ਵੱਡੀ ਮਿਸਾਲ ਬੀਜ ਘੋਟਾਲਾ ਹੈ, ਜਿਸ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਸੁਖਬੀਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ 'ਚ ਭੇਜੇ ਗਏ ਰਾਸ਼ਨ 'ਚ ਵੀ ਵੱਡਾ ਘੋਟਾਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਇਕ ਵੀ ਦਾਣਾ ਗਰੀਬਾਂ ਨੂੰ ਆਪਣੇ ਪੱਲਿਓਂ ਨਹੀਂ ਦਿੱਤਾ ਗਿਆ, ਸਗੋਂ ਕੇਂਦਰ ਸਰਕਾਰ ਵੱਲੋਂ ਜਿਹੜਾ ਰਾਸ਼ਨ ਗਰੀਬਾਂ ਲਈ ਆਇਆ, ਉਸ ਨੂੰ ਵੀ ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਨੇ ਅੱਧੇ ਨਾਲੋਂ ਜ਼ਿਆਦਾ ਦੁਕਾਨਾਂ 'ਤੇ ਵੇਚ ਦਿੱਤਾ।
ਪੱਤਰਕਾਰ ਵੀ ਨਹੀਂ ਸੁਰੱਖਿਅਤ
ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਪੱਤਰਕਾਰ ਵੀ ਸੁਰੱਖਿਅਤ ਨਹੀਂ ਹਨ ਕਿਉਂਕਿ ਜਿਹੜਾ ਵੀ ਪੱਤਰਕਾਰ ਰੇਤ ਮਾਫੀਆ ਜਾਂ ਸਰਕਾਰ ਦੇ ਹੋਰ ਘੋਟਾਲਿਆਂ ਦੀ ਗੱਲ ਕਰਦਾ ਹੈ, ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੇਤਾ ਆਪਣੀ ਦੁਸ਼ਮਣੀ ਕੱਢਦੇ ਹੋਏ ਲੋਕਾਂ ਦਾ ਕਤਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਵੱਲੋਂ ਇਲਾਕੇ ਦੇ ਗੈਂਗਸਟਰਾਂ ਨੂੰ ਸ਼ੈਅ ਦਿੱਤੀ ਜਾ ਰਹੀ ਹੈ ਅਤੇ ਇਸ ਲਈ ਪੁਲਸ ਨੂੰ ਉਨ੍ਹਾਂ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ 'ਚ ਇੰਝ ਹੀ ਚੱਲਦਾ ਰਿਹਾ ਤਾਂ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦੇ ਅਜਿਹੇ ਗਰੀਬ ਮਾਰੂ ਫੈਸਲਿਆਂ ਦੇ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।