ਸੁਖਬੀਰ ਦੇ ਡ੍ਰੀਮ ਪ੍ਰੋਜੈਕਟ ਨਾਲ 350 ਕਰੋੜ ਨੂੰ ਚੂਨਾ, ਬੰਦ ਹੋਵੇਗਾ ਮੋਹਾਲੀ ਦਾ ਬੱਸ ਅੱਡਾ

02/20/2020 1:02:00 PM

ਜਲੰਧਰ (ਨਰਿੰਦਰ ਮੋਹਨ)— ਪੰਜਾਬ ਦੇ ਇਕੋ-ਇਕ ਅਤਿ-ਆਧੁਨਿਕ ਅਤੇ ਏਅਰ ਕੰਡੀਸ਼ਨਰ ਮੋਹਾਲੀ ਬੱਸ ਸਟੈਂਡ ਨੂੰ ਬੰਦ ਕਰਨ ਦੀਆਂ ਤਿਆਰੀਆਂ ਹੋ ਗਈਆਂ ਹਨ। 350 ਕਰੋੜ ਦੀ ਲਾਗਤ ਨਾਲ ਬਣੇ ਇਸ ਬੱਸ ਸਟੈਂਡ 'ਚ ਨਾ ਤਾਂ ਮੁਸਾਫਰ ਆਉਂਦੇ ਹਨ ਅਤੇ ਨਾ ਹੀ 1800 'ਚੋਂ ਕੋਈ ਬੱਸ ਸਵਾਰੀ ਲੈਂਦੀ ਹੈ। ਪਿਛਲੀ ਸਰਕਾਰ 'ਚ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਇਸ ਬੱਸ ਅੱਡੇ ਨੂੰ ਮਾਲ ਆਦਿ ਬਣਨ 'ਤੇ ਵਿਚਾਰ ਚੱਲ ਰਿਹਾ ਹੈ। ਹਾਲੇ ਇਹ ਅੱਡਾ ਪੰਜਾਬ ਦੇ ਖਜ਼ਾਨੇ ਲਈ ਸਫੈਦ ਹਾਥੀ ਬਣ ਰਿਹਾ ਹੈ। ਪੰਜਾਬ ਦੇ ਨਵੇਂ ਬਣ ਰਹੇ 15 ਬੱਸ ਅੱਡਿਆਂ 'ਚ ਵੀ ਮੋਹਾਲੀ ਦਾ ਨਾਂ ਸ਼ਾਮਲ ਨਹੀਂ ਹੈ। ਮੋਹਾਲੀ ਦੇ ਵਿਧਾਇਕ ਅਤੇ ਮੰਤਰੀ ਬਲਬੀਰ ਸਿੰਘ ਸਿੱਧੂ ਪਹਿਲਾਂ ਤੋਂ ਹੀ ਇਸ ਬੱਸ ਅੱਡੇ ਨੂੰ ਬੇਕਾਰ ਦੱਸ ਕੇ ਇਸ ਨੂੰ ਖਤਮ ਕਰਨ ਦੀ ਸਿਫਾਰਿਸ਼ ਮੁੱਖ ਮੰਤਰੀ ਨੂੰ ਕਰ ਚੁੱਕੇ ਹਨ।

ਪੰਜਾਬ ਦੇ ਟਰਾਂਸਪੋਰਟ ਵਿਭਾਗ 'ਚ ਮੋਹਾਲੀ ਦਾ ਬੱਸ ਅੱਡਾ ਚਰਚਾ 'ਚ ਹੈ। 16 ਦਸੰਬਰ 2016 ਨੂੰ ਇਸ ਅੱਡੇ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ। ਇਸ ਦਾ ਨਿਰਮਾਣ ਪੰਜਾਬ ਬੁਨਿਆਦੀ ਵਿਕਾਸ ਢਾਂਚਾ ਵਿਭਾਗ ਵੱਲੋਂ ਪੀ. ਪੀ. ਪੀ. ਯੋਜਨਾ 'ਤੇ ਦੇਣ ਲਈ ਕਰਵਾਇਆ ਗਿਆ ਸੀ। ਇਸ ਇਮਾਰਤ 'ਚ 13 ਤੋਂ ਵੱਧ ਮੰਜ਼ਿਲਾਂ ਬਣਨੀਆਂ ਸਨ, 130 ਕਮਰਿਆਂ ਵਾਲਾ ਪੰਜ ਸਿਤਾਰਾ ਹੋਟਲ ਬਣਨਾ ਸੀ, ਇਕ ਬੈਂਕੁਏਟ ਹਾਲ ਅਤੇ ਹੈਲੀਪੈਡ ਬਣਾਇਆ ਜਾਣਾ ਸੀ ਪਰ ਬੱਸ ਅੱਡੇ ਦੇ ਅੰਦਰ ਬੱਸਾਂ ਦਾ ਜਾਣਾ ਤਾਂ ਸੌਖਾਲਾ ਸੀ ਪਰ ਬਾਹਰ ਨਿਕਲਣ 'ਚ ਪ੍ਰੇਸ਼ਾਨੀ ਸੀ। ਤਕਨੀਕੀ ਮਾਹਿਰ ਮੁਤਾਬਕ ਬੱਸ ਅੱਡਾ ਨਾ ਤਾਂ ਤਕਨੀਕੀ ਰੂਪ ਨਾਲ ਠੀਕ ਤਰ੍ਹਾਂ ਬਣਿਆ ਅਤੇ ਨਾ ਹੀ ਇਸ ਲਈ ਇਹ ਸਹੀ ਸਥਾਨ ਸੀ। ਇਸ ਲਈ ਬੱਸਾਂ ਦਾ ਅੰਦਰ ਠਹਿਰਾਅ ਹੋਣਾ ਬੰਦ ਹੋ ਗਿਆ।

ਹਾਲਾਂਕਿ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਇਸ ਲਈ ਸਾਰੇ ਬੱਸ ਚਾਲਕਾਂ ਨੂੰ ਮੋਹਾਲੀ ਬੱਸ ਅੱਡੇ ਦੇ ਅੰਦਰ ਬੱਸਾਂ ਲੈ ਕੇ ਜਾਣ ਨੂੰ ਲੈ ਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ। ਇਸ ਦਾ ਅਸਰ ਇੰਨਾ ਹੀ ਹੋਇਆ ਕਿ ਬੱਸਾਂ ਬੱਸ ਅੱਡੇ ਦੇ ਅੰਦਰ ਜਾਂਦੀਆਂ ਅਤੇ ਅੱਡਾ ਫੀਸ ਦੀ ਪਰਚੀ ਕਟਵਾ ਕੇ ਬਾਹਰ ਆ ਜਾਂਦੀਆਂ। ਹਾਲੇ ਵੀ ਅਜਿਹਾ ਸਿਲਸਿਲਾ ਜਾਰੀ ਹੈ। ਇਹ ਬੱਸ ਅੱਡਾ ਇਕ ਪ੍ਰਾਈਵੇਟ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਨੂੰ ਕੰਪਨੀ ਨੇ ਕਈ ਵਾਰ ਛੱਡਣ ਦਾ ਯਤਨ ਕੀਤਾ ਜਦੋਂਕਿ ਮੁਸਾਫਰ ਬਾਹਰ ਤੋਂ ਹੀ ਜਲੰਧਰ, ਲੁਧਿਆਣਾ, ਰੋਪੜ, ਸ੍ਰੀ ਅਨੰਦਪੁਰ ਸਾਹਿਬ ਅਤੇ ਹਿਮਾਚਲ ਵੱਲ ਜਾਣ ਵਾਲੀਆਂ ਬੱਸਾਂ 'ਚ ਬੈਠਦੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਇਸ ਬੱਸ ਅੱਡੇ ਨੂੰ ਬੰਦ ਕਰਨ ਦੀ ਪ੍ਰਕਿਰਿਆ 'ਤੇ ਕੰਮ ਸ਼ੁਰੂ ਹੋ ਗਿਆ ਹੈ।


shivani attri

Content Editor

Related News