ਕੈਪਟਨ ਅਮਰਿੰਦਰ ਸਿੰਘ ਦੀ ਖੇਡ ਖਤਮ ਹੋਈ : ਸੁਖਬੀਰ

Monday, May 20, 2019 - 10:41 AM (IST)

ਕੈਪਟਨ ਅਮਰਿੰਦਰ ਸਿੰਘ ਦੀ ਖੇਡ ਖਤਮ ਹੋਈ : ਸੁਖਬੀਰ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਇਹ ਚੋਣਾਂ ਅਮਰਿੰਦਰ ਦੇ ਕਰੀਅਰ ਨੂੰ ਖ਼ਤਮ ਕਰ ਦੇਣਗੀਆਂ, ਉਹ ਇਹ ਗੱਲ ਜਾਣਦਾ ਹੈ। ਸੁਖਬੀਰ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਆਪਣਾ ਜਾਨਸ਼ੀਨ ਐਲਾਨ ਕੇ ਅਮਰਿੰਦਰ ਦੂਜਾ ਉਦੇਸ਼ ਇਹ ਪੂਰਾ ਕਰਨਾ ਚਾਹੁੰਦਾ ਹੈ ਕਿ ਉਹ ਪ੍ਰਤਾਪ ਸਿੰਘ ਬਾਜਵਾ ਵਰਗੇ ਸਥਾਨਕ ਕਾਂਗਰਸੀਆਂ ਹੱਥੋਂ ਜਾਖੜ ਨੂੰ ਹਰਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕੋਈ ਅਜਿਹਾ ਬੰਦਾ ਚਾਹੀਦਾ ਹੈ, ਜਿਹੜਾ ਕਾਮਯਾਬ ਹੋਣ ਲਈ ਉਨ੍ਹਾਂ 'ਤੇ ਨਿਰਭਰ ਰਹੇ। ਉਨ੍ਹਾਂ ਅਮਰਿੰਦਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਦੀ ਪੂਰਤੀ ਨੂੰ ਲੋਕ ਸਭਾ ਚੋਣਾਂ 'ਚ ਆਪਣਾ ਮੁੱਖ ਮੁੱਦਾ ਬਣਾਉਣਗੇ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਹ ਅਜਿਹਾ ਨਹੀਂ ਕਰੇਗਾ ਅਤੇ ਬਾਕੀ ਮੁੱਦਿਆਂ 'ਤੇ ਝੂਠੀ ਦੂਸ਼ਣਬਾਜ਼ੀ ਕਰਨ ਦੀ ਆੜ ਪਿੱਛੇ ਲੁਕਿਆ ਰਹੇਗਾ ਪਰ ਹੁਣ ਉਸ ਦੀ ਖੇਡ ਮੁੱਕ ਚੱਲੀ ਹੈ।
ਬਠਿੰਡਾ, ਪਟਿਆਲਾ, ਆਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਹਲਕਿਆਂ 'ਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਅਮਰਿੰਦਰ ਇਹ ਗੱਲ ਜਾਣਦਾ ਹੈ ਕਿ ਉਸ ਦਾ ਪਹੁੰਚ ਤੋਂ ਬਾਹਰ ਹੋਣਾ, ਲੋਕਾਂ 'ਚ ਨਜ਼ਰ ਨਾ ਆਉਣਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਨਾ ਕਰਨਾ ਆਦਿ ਸਾਰੀਆਂ ਗੱਲਾਂ ਰਲ ਕੇ ਪੰਜਾਬ 'ਚ ਕਾਂਗਰਸ ਦਾ ਬੇੜਾ ਡੋਬ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੀ ਪਾਵਨ ਸਹੁੰ ਖਾ ਕੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ। ਇਸ ਲਈ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਲੋਕਾਂ ਦਾ ਫਤਵਾ ਮੰਗਣ ਤੋਂ ਉਹ ਡਰ ਗਿਆ ਹੈ।


author

Babita

Content Editor

Related News