ਸੁਖਬੀਰ ਨੇ ਹਰਸਿਮਰਤ ਲਈ ਮੰਗੀਆਂ ਵੋਟਾਂ, ਕੈਪਟਨ ''ਤੇ ਲਾਏ ਰਗੜੇ
Saturday, May 11, 2019 - 04:22 PM (IST)

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣੀ ਪਤਨੀ ਤੇ ਅਕਾਲੀ-ਭਾਜਪਾ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਸੁਖਬੀਰ ਬਾਦਲ ਨੇ ਕੈਪਟਨ 'ਤੇ ਖੂਬ ਰਗੜੇ ਲਾਏ। ਕੈਪਟਨ 'ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਸਨ ਪਰ ਕੈਪਟਨ ਸਰਕਾਰ ਨੇ ਸਾਰੇ ਗਰੀਬ ਲੋਕਾਂ ਨੂੰ ਲੱਖਾਂ ਰੁਪਿਆਂ ਦੇ ਬਿੱਲ ਭੇਜ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੂਰੇ ਪੰਜਾਬ 'ਚ ਵਿਕਾਸ ਕੀਤਾ ਸੀ ਪਰ ਕੈਪਟਨ ਸਰਕਾਰ ਨੇ ਢਾਈ ਸਾਲਾਂ 'ਚ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਗਰੀਬਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਗੇ। ਸੁਖਬੀਰ ਨੇ ਕਿਹਾ ਕਿ ਜਿਹੜੇ ਵੀ ਅਧਿਕਾਰੀ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ, ਸਰਕਾਰ ਆਉਣ 'ਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।