ਝੂਠੇ ਪਰਚੇ ਦਰਜ ਕਰਨੇ ਵਾਲੇ ਅਫਸਰਾਂ ਨੂੰ ਦੋ ਮਹੀਨੇ ਅੰਦਰ ਨੌਕਰੀ ਤੋਂ ਚੱਲਦਾ ਕਰਾਂਗੇ : ਸੁਖਬੀਰ ਬਾਦਲ

Monday, Apr 01, 2019 - 01:39 PM (IST)

ਝੂਠੇ ਪਰਚੇ ਦਰਜ ਕਰਨੇ ਵਾਲੇ ਅਫਸਰਾਂ ਨੂੰ ਦੋ ਮਹੀਨੇ ਅੰਦਰ ਨੌਕਰੀ ਤੋਂ ਚੱਲਦਾ ਕਰਾਂਗੇ : ਸੁਖਬੀਰ ਬਾਦਲ

ਹੁਸ਼ਿਆਰਪੁਰ (ਅਰੋੜਾ)—  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸੇ ਵੀ ਵਰਕਰ 'ਤੇ ਕਿਸੇ ਪੁਲਸ ਅਫਸਰ ਨੇ ਝੂਠਾ ਕੇਸ ਦਰਜ ਕੀਤਾ ਤਾਂ ਪੰਜਾਬ ਅੰਦਰ ਸ਼੍ਰੋਮਣੀ ਅਕਲੀ ਦਲ ਦੀ ਸਰਕਾਰ ਬਣਦੇ ਸਾਰ ਹੀ ਪਹਿਲੇ ਦੋ ਮਹੀਨਿਆਂ ਦੇ ਅੰਦਰ ਉਸ ਅਫਸਰ ਨੂੰ ਨੌਕਰੀ ਤੋਂ ਚੱਲਦਾ ਕਰ ਦਿੱਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਣਾ ਮੰਡੀ 'ਚ ਬੀਤੇ ਦਿਨ ਕੀਤੀ ਗਈ ਰੈਲੀ ਦੌਰਾਨ ਕੀਤਾ। ਉਨ੍ਹਾਂ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਆਖਿਆ ਕਿ ਇਸ ਸਮੇਂ ਪੰਜਾਬ ਅੰਦਰ ਬਿਨਾਂ ਡਰਾਈਵਰ ਤੋਂ ਗੱਡੀ ਵਾਲੀ ਸਰਕਾਰ ਚੱਲ ਰਹੀ ਹੈ ਕਿਉਂਕਿ ਕੈਪਟਨ ਅਮਿੰਦਰ ਸਿੰਘ ਕੋਲ ਤਾਂ ਆਪਣੇ ਮੰਤਰੀਆਂ ਨੂੰ ਮਿਲਣ ਦਾ ਹੀ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਸਿੱਖ ਕੌਮ ਨਾਲ ਬਹੁਤ ਵੱਡਾ ਖਿਲਵਾੜ ਕੀਤਾ, ਉਸ ਨੂੰ ਇਸ ਗਲਤੀ ਦਾ ਖਮਿਆਜ਼ਾ ਭੁਗਤਣਾ ਪਵੇਗਾ। 


ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ 'ਤੇ ਚੋਟ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਲਈ ਵਿਕਾਸ ਦੀਆਂ ਜੋ ਸਕੀਮਾਂ ਚਲਾਈਆਂ ਸਨ ਉਹ ਸਭ ਇਸ ਨੇ ਬੰਦ ਕਰ ਦਿੱਤੀਆਂ। 1700 ਕਰੋੜ ਰੁਪਏ ਬੁਢਾਪਾ ਪੈਨਸ਼ਨ ਦੇ ਬਜ਼ੁਰਗਾਂ ਨੂੰ ਨਹੀਂ ਦਿੱਤੇ, ਐੱਸ. ਸੀ. ਸਕਾਲਰਸ਼ਿੱਪ ਬੰਦ ਕਰ ਦਿੱਤੀ, ਪੰਜਾਬ ਦੇ 800 ਪ੍ਰਾਇਮਰੀ ਸਕੂਲ ਬੰਦ ਕਰ ਦਿੱਤੇ, ਸੇਵਾ ਕੇਂਦਰ ਬੰਦ ਕਰ ਦਿੱਤੇ, ਅਧਿਆਪਕ ਨੂੰ 40,000 ਤੋਂ 15000 ਮਹੀਨਾ ਤਨਖਾਹਹ ਦੇਣੀ ਸ਼ੁਰੂ ਕਰ ਦਿੱਤੀ ਗਈ। ਸੁਖਬੀਰ ਬਾਦਲ ਨੇ ਕੈਪਟਨ ਦੀ ਕਾਰਜਸ਼ੈਲੀ 'ਤੇ ਵਿਅੰਗਮਈ ਚੋਟ ਕਰਦਿਆਂ ਕਿਹਾ ਕਿਹਾ ਕਿ ਮੈਂ ਢਾਈ ਮਹੀਨਿਆਂ 'ਚ 3 ਲੱਖ ਵਰਕਰਾਂ ਨੂੰ ਮਿਲ ਲਿਆ ਪਰ ਕੈਪਟਨ ਨੂੰ ਇਸ ਦੇ ਮੰਤਰੀ ਵੀ ਨਹੀਂ ਮਿਲ ਸਕਦੇ। ਇਸ ਮੌਕੇ ਪ੍ਰੇਮ ਸਿੰਘ ਚੰਦੂਮਜਰਾ ਅਤੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਵੀ ਸੰਬੋਧਨ ਕੀਤਾ। ਰੈਲੀ ਦੌਰਾਨ ਦੇਸ ਰਾਜ ਸਿੰਘ ਧੁੱਗਾ, ਹਰਜਿੰਦਰ ਸਿੰਘ ਧਾਮੀ, ਬੀਬੀ ਰਣਜੀਤ ਕੌਰ, ਹਰਜੀਤ ਸਿੰਘ ਭਾਟਪੁਰੀ, ਅਨਿਲ ਹੈਪੀ ਅਗਰਵਾਲ, ਇਕਬਾਲ ਸਿੰਘ ਖੇੜਾ, ਕੈਪਟਨ ਆਰ. ਐੱਸ. ਪਠਾਨੀਆ, ਰਾਜਿੰਦਰ ਸਿੰਘ ਸ਼ੂਕਾ ਆਦਿ ਵੱਡੀ ਗਿਣਤੀ 'ਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।


author

shivani attri

Content Editor

Related News