ਪ੍ਰਕਾਸ਼ ਸਿੰਘ ਬਾਦਲ ਹੁਣ ਨਹੀਂ ਲੜਨਗੇ ਕੋਈ ਵੀ ਚੋਣ: ਸੁਖਬੀਰ ਸਿੰਘ ਬਾਦਲ
Thursday, Mar 28, 2019 - 06:44 PM (IST)

ਹੁਸ਼ਿਆਰਪੁਰ (ਅਮਰੀਕ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਕੋਈ ਵੀ ਚੋਣ ਨਹੀਂ ਲੜਨਗੇ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ, ਜੋ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ 'ਚ ਵਰਕਰ ਮਿਲਣੀ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ 'ਚ ਸੱਤਾਧਾਰੀ ਪਾਰਟੀ ਕਾਂਗਰਸ 'ਤੇ ਜਮ ਕੇ ਨਿਸ਼ਾਨੇ ਵੀ ਸਾਧੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਕੋਈ ਵੀ ਚੋਣ ਨਹੀਂ ਲੜਣਗੇ ਕਿਉਂਕਿ ਉਹ ਹੁਣ 92 ਸਾਲ ਦੇ ਹੋ ਚੁੱਕੇ ਹਨ।
ਹਰਸਿਮਰਤ ਕੌਰ ਬਾਦਲ ਵੱਲੋਂ ਚੋਣਾਂ ਲੜਨ 'ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਾਰਟੀ ਦੀ ਮੀਟਿੰਗ 'ਚ ਤੈਅ ਕੀਤਾ ਜਾਵੇਗਾ ਕਿ ਹਰਸਿਮਰਤ ਕੌਰ ਬਾਦਲ ਚੋਣ ਕਿੱਥੋਂ ਲੜੇਗੀ। ਸੁਖਬੀਰ ਨੇ ਲੋਕ ਸਭਾ ਚੋਣਾਂ 'ਚ ਕਾਂਗਰਸ ਵੱਲੋਂ ਧੱਕੇਸ਼ਾਹੀ ਕਰਨ ਦੀ ਸ਼ੰਕਾ ਜਤਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ 'ਚ ਵੱਧ ਪੈਰਾ ਮਿਲਟਰੀ ਫੋਰਸ ਦੀ ਮੰਗ ਕਰਨਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੋਂ ਇਲਾਵਾ ਹਰਿਆਣਾ 'ਚ ਵੀ ਆਪਣੇ ਉਮੀਦਵਾਰ ਉਤਾਰੇਗੀ ਅਤੇ ਕਿੰਨੇ ਉਮੀਦਵਾਰ ਉਤਾਰੇ ਜਾਣਗੇ ਇਹ ਫੈਸਲਾ ਭਾਈਵਾਲ ਪਾਰਟੀ ਤੈਅ ਕਰੇਗੀ।