ਗੁਰਧਾਮਾਂ ''ਚ ਲੱਗਿਆ ਸੋਨਾ ਸਿੱਖਾਂ ਦਾ ਸਾਂਝਾ ਪਵਿੱਤਰ ਸਰਮਾਇਆ ਹੈ : ਸੁਖਬੀਰ

05/22/2020 1:35:23 AM

ਚੰਡੀਗੜ੍ਹ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਗੁਰਧਾਮਾਂ ਉੱਤੇ ਲੱਗਿਆ ਸੋਨਾ ਅਤੇ ਬਾਕੀ ਪਵਿੱਤਰ ਵਸਤਾਂ ਸ਼ਰਧਾਵਾਨ ਸਿੱਖ ਕੌਮ ਦਾ ਸਾਂਝਾ ਸਰਮਾਇਆ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਕਿਸੇ ਵੀ ਕੰਮ ਲਈ, ਬੇਸ਼ੱਕ ਉਹ ਕਿੰਨਾ ਵੀ ਮਾਨਵਵਾਦੀ ਅਤੇ ਨੇਕ ਕਿਉਂ ਨਾ ਹੋਵੇ, ਇਸ ਸਰਮਾਏ ਦਾ ਕੋਈ ਨਿੱਕਾ ਜਿਹਾ ਹਿੱਸਾ ਵੀ ਦਾਨ ਕਰਨ ਬਾਰੇ ਸੋਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਬੇਹੱਦ ਇਤਿਹਾਸਕ ਅਤੇ ਵਿਰਾਸਤੀ ਮੁੱਲ ਰੱਖਣ ਵਾਲੇ ਇਸ ਸਰਮਾਏ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ। ਇਸ ਸਰਮਾਏ ਦੇ ਕਿਸੇ ਨਿੱਕੇ ਜਿਹੇ ਭਾਗ ਬਾਰੇ ਵੀ ਆਏ ਕਿਸੇ ਸੁਝਾਅ ਜਾਂ ਇਸ ਨਾਲ ਜੁੜੇ ਕਿਸੇ ਸਵਾਲ ਦਾ ਜੁਆਬ ਦੇਣ ਵੇਲੇ ਵਿਅਕਤੀ ਨੂੰ ਪੂਰੀ ਜ਼ਿੰਮੇਵਾਰੀ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ, ਬੇਸ਼ੱਕ ਅਜਿਹੇ ਸੁਝਾਅ ਦਾ ਉਦੇਸ਼ ਕਿੰਨਾ ਵੀ ਨੇਕ ਅਤੇ ਮਾਨਵਵਾਦੀ ਕਿਉਂ ਨਾ ਹੋਵੇ। ਸੁਖਬੀਰ ਬਾਦਲ ਨੇ ਕਿਹਾ ਕਿ ਸਾਨੂੰ ਪੰਥ ਦੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਅਤੇ ਚਾਲਾਂ ਪ੍ਰਤੀ ਸਦਾ ਸੁਚੇਤ ਰਹਿਣਾ ਚਾਹੀਦਾ ਹੈ, ਜਿਹੜੇ ਕਿ ਅਜਿਹੇ ਵਿਸ਼ਿਆਂ ਉਤੇ ਕਿਸੇ ਸਿੱਖ ਆਗੂ ਦੀ ਫਿਸਲੀ ਜ਼ੁਬਾਨ ਦਾ ਹਮੇਸ਼ਾ ਫਾਇਦਾ ਉਠਾਉਣ ਦੀ ਤਾਕ ਵਿਚ ਰਹਿੰਦੇ ਹਨ।

ਕੋਰੋਨਾ ਵਾਇਰਸ ਖ਼ਿਲਾਫ ਮਨੁੱਖਤਾ ਦੀ ਮਦਦ ਲਈ ਵੱਖ-ਵੱਖ ਧਾਰਮਿਕ ਫਿਰਕਿਆਂ ਵੱਲੋਂ ਸੋਨੇ ਦੇ ਦਾਨ ਸੰਬੰਧੀ ਇੱਕ ਪ੍ਰਸਤਾਵ ਬਾਰੇ ਡੀ. ਐੱਸ. ਜੀ. ਐੱਮ. ਸੀ. ਦੇ ਮੁਖੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਇੱਕ 'ਅਣਭੋਲ ਸੁਝਾਅ' ਉੱਤੇ ਉੱਠੇ ਵਿਵਾਦ ਦਾ ਹਵਾਲਾ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਇਹ ਟਿੱਪਣੀ ਅਸਵੀਕਾਰਯੋਗ ਹੈ, ਜਿਸ ਤੋਂ ਬਚਿਆ ਜਾ ਸਕਦਾ ਸੀ। ਪਰ ਇਹ ਚੰਗੀ ਗੱਲ ਹੈ ਕਿ ਜਥੇਦਾਰ ਸਿਰਸਾ ਨੇ ਇਸ ਉੱਤੇ ਪਛਤਾਵਾ ਕਰਦਿਆਂ ਆਪਣੀ ਇਸ ਅਣਭੋਲ ਗਲਤੀ ਲਈ ਸਿੱਖਾਂ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਅੱਗੇ ਬਿਨਾਂ ਸ਼ਰਤ ਮੁਆਫੀ ਦੀ ਪੇਸ਼ਕਸ਼ ਰੱਖ ਕੇ ਜਥੇਦਾਰ ਸਿਰਸਾ ਨੇ ਇਸ ਮੁੱਦੇ ਬਾਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਰ ਕੁਝ ਸ਼ਰਾਰਤੀ ਅਤੇ ਸਿੱਖ ਵਿਰੋਧੀ ਤੱਤ ਇਸ ਮੁੱਦੇ ਉੱਤੇ ਸਿੱਖਾਂ ਅੰਦਰ ਬੇਭਰੋਸਗੀ ਅਤੇ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਸ ਵਿਚ ਵੰਡ ਕੇ ਸਿੱਖ ਕੌਮ ਨੂੰ ਕਮਜ਼ੋਰ, ਆਗੂ ਰਹਿਤ ਅਤੇ ਦਿਸ਼ਾ ਰਹਿਤ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਖਬੀਰ ਨੇ ਕਿਹਾ ਕਿ ਇਸ ਘਟਨਾ ਨੇ ਸਿੱਖ ਆਗੂਆਂ ਨੂੰ ਇਸ ਗੱਲ ਲਈ ਸਿਆਣੇ ਕਰ ਦਿੱਤਾ ਹੈ ਕਿ ਉਹ ਸਾਡੇ ਸ਼ਾਨਦਾਰ ਧਾਰਮਿਕ ਵਿਰਸੇ ਉੱਤੇ ਅਸਰ ਪਾਉਣ ਵਾਲੇ ਸੁਝਾਵਾਂ ਅਤੇ ਸੁਆਲਾਂ ਦੇ ਜੁਆਬ ਦੇਣ ਵੇਲੇ ਹਮੇਸ਼ਾਂ ਬੇਹੱਦ ਸੁਚੇਤ ਅਤੇ ਚੌਕਸ ਰਹਿਣ।
 


Deepak Kumar

Content Editor

Related News