ਕੋਰੋਨਾ ਸੰਕਟ ’ਚ ਕੈਪਟਨ ਖੁਦ ਸੰਭਾਲਣ ਕਮਾਨ : ਸੁਖਬੀਰ
Monday, Apr 06, 2020 - 05:53 PM (IST)
ਜਲੰਧਰ - ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ’ਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਬੀਤੇ ਕਈ ਦਿਨਾਂ ਤੋਂ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਪਿੰਡ ਬਾਦਲ ਵਿਖੇ ਆਪਣੇ ਘਰ ’ਚ ਬੰਦ ਹਨ। ਇਸ ਦੌਰਾਨ ਜਗਬਾਣੀ ਵਲੋਂ ਜਦੋਂ ਉਨ੍ਹਾਂ ਨਾਲ ਕੋਰੋਨਾ ਵਾਇਰਸ ਦੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਆਪਣੀ ਪੂਰੀ ਜ਼ਿੰਦਗੀ ’ਚ ਅਜਿਹੀ ਬੀਮਾਰੀ ਕਦੇ ਨਹੀਂ ਸੁਣੀ, ਜਿਸ ਨੇ ਦੇਸ਼ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਹਿੱਲਾ ਕੇ ਰੱਖ ਦਿੱਤਾ। ਕੋਰੋਨਾ ਵਾਇਰਸ ਬਹੁਤ ਭੈੜੀ ਬੀਮਾਰੀ ਹੈ, ਜਿਸ ਨੂੰ ਫੈਲਣ ਤੋਂ ਰੋਕਣ ਦਾ ਇਕੋ ਹੀ ਤਰੀਕਾ ਇਹ ਹੈ ਕਿ ਸਾਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਅਸੀਂ ਆਪਣੇ ਘਰਾਂ ’ਚ ਰਹਿੰਦੇ ਹਾਂ ਤਾਂ ਸਾਨੂੰ ਇਸ ਦਾ ਕੋਈ ਡਰ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਦੇਸ਼ ’ਚ ਮੈਡੀਕਲ ਸਹੂਲਤਾਂ ਬਹੁਤ ਘੱਟ ਹਨ, ਜਿਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਲਾਕਡਾਊਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਾਨੂੰ ਸਾਰਿਆਂ ਨੂੰ ਲਾਕਡਾਊਨ ਦੌਰਾਨ ਸਰਕਾਰ ਵਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਸਾਡੇ, ਸਾਡੇ ਪਰਿਵਾਰ, ਸਾਡੀ ਕੌਮ ਅਤੇ ਦੇਸ਼ ਲਈ ਬਹੁਤ ਜ਼ਰੂਰੀ ਹੈ।
ਸਿਹਤ ਸੇਵਾਵਾਂ ਦੇ ਬਾਰੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਲੋਕਾਂ ਲਈ ਸਭ ਤੋਂ ਜ਼ਰੂਰੀ ਚੀਜ਼ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਠੀਕ ਕਰਨਾ ਹੈ। ਸਿੱਖਿਆ ਨਾਲ ਪੂਰੀ ਕੌਮ ਪੜ੍ਹਦੀ ਹੈ ਅਤੇ ਅੱਗੇ ਵੱਧਦੀ ਹੈ। ਸਿਹਤ ਸੇਵਾਵਾਂ ’ਚ ਡਾਕਟਰ ਅਤੇ ਹਸਪਤਾਲ ਬਣਾਉਣ ਦੇ ਨਾਲ-ਨਾਲ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਲੋਕਾਂ ਦੀ ਜਾਨ ਤਾਂ ਬਚ ਸਕਦੀ ਹੈ ਜੇ ਅਸੀਂ ਡਾਕਟਰਾਂ ਨੂੰ ਚੰਗੀਆਂ ਸਹੂਲਤਾਂ ਦੇਵਾਂਗੇ, ਜਿਸ ਨਾਲ ਡਾਕਟਰ ਮਰੀਜ਼ਾਂ ਦਾ ਇਲਾਜ ਬਿਨਾ ਕਿਸੇ ਡਰ ਤੋਂ ਕਰ ਸਕਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਸਾਰੀਆਂ ਸਹੂਲਤਾਵਾਂ ਸਿਰਫ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਅਤੇ ਨਰਸਾਂ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ, ਤਾਂਕਿ ਲੋਕਾਂ ਦਾ ਇਲਾਜ ਉਥੇ ਹੋ ਸਕੇ। ਸਰਕਾਰ ਦੀ ਕਮੀ ਇਹ ਹੈ ਕਿ ਉਨ੍ਹਾਂ ਨੇ ਪ੍ਰਾਇਵੇਟ ਹਸਪਤਾਲ ਵਾਲਿਆਂ ਨੂੰ ਅਜਿਹੀਆਂ ਸਿਹਤ ਸਹੂਲਤਾਂ ਨਹੀਂ ਦਿੱਤੀਆਂ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਈ ਨਿਰਮਲ ਸਿੰਘ ਜੀ ਦੇ ਬੀਮਾਰ ਹੋਣ ’ਤੇ ਦਵਾਈ ਨਾ ਦੇਣ ਦੀ ਵਾਇਰਸ ਹੋ ਰਹੀ ਆਡੀਓ ਦੇ ਬਾਰੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਕੋਲ ਲੋੜੀਂਦੀਆਂ ਵਸਤਾਂ ਹੀ ਨਹੀਂ। ਲੋੜੀਂਦੀਆਂ ਵਸਤਾਂ ਨਾ ਹੋਣ ਕਾਰਨ ਡਾਕਟਰ ਅਤੇ ਨਰਸਾਂ ਕਿਸੇ ਦਾ ਇਲਾਜ ਹੀ ਨਹੀਂ ਕਰ ਸਕਦੇ, ਜਿਸ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਕੋਰੋਨਾ ਸੰਕਟ ਦੀ ਇਸ ਘੜੀ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਕਮਾਨ ਸੰਭਾਲਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਅਫਸਰਾਂ ਦੇ ਹੱਥਾਂ ’ਚ ਨਹੀਂ ਛੱਡਣਾ ਚਾਹੀਦਾ। ਸਾਡੇ ਪੰਜਾਬ ’ਚ ਬੀਮਾਰ ਲੋਕਾਂ ਦੇ ਟੈਸਟਾਂ ’ਚ ਬਹੁਤ ਵੱਡੀ ਕਮੀ ਪਾਈ ਜਾ ਰਹੀ ਹੈ। ਲੋਕਾਂ ਦੇ ਮਨ ਅੰਦਰ ਇਸ ਗੱਲ ਦਾ ਵਹਿਮ ਪੈ ਗਿਆ ਹੈ ਕਿ ਜੇਕਰ ਉਹ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਉਣ ਗਏ ਤਾਂ ਉਹ ਮਰ ਜਾਣਗੇ, ਕਿਉਂਕਿ ਉਥੇ ਜ਼ਰੂਰੀ ਸਹੂਲਤਾਵਾਂ ਹੀ ਨਹੀਂ ਹਨ।
ਸਾਊਥ ਕੋਰਿਆ ਅਤੇ ਚੀਨ ਨੇ ਇਸ ਬੀਮਾਰੀ ਨੇ ਬਹੁਤ ਜਲਦ ਕਾਬੂ ਇਸ ਕਰਕੇ ਪਾ ਲਿਆ, ਕਿਉਂਕਿ ਉਨ੍ਹਾਂ ਨੇ ਵੱਡੀ ਗਿਣਤੀ ’ਚ ਲੋਕਾਂ ਨੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਸਨ। ਟੈਸਟ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਦਾ ਜਲਦੀ ਤੋਂ ਜਲਦੀ ਇਲਾਜ ਕਰਵਾ ਸ਼ੁਰੂ ਕਰ ਦਿੱਤਾ ਸੀ, ਸੋ ਇਸੇ ਕਰਕੇ ਪੰਜਾਬ ’ਚ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦਾ ਵਹਿਮ ਦੂਰ ਕਰਨ ਦੇ ਲਈ ਹਰ ਰੋਜ਼ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਸਬੰਧ ’ਚ ਕੀ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਦੇ ਕੋਈ ਜਵਾਬ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੇ ਐੱਮ.ਐੱਲ. ਏ ਨਾਲ ਹੀ ਗੱਲਬਾਤ ਨਹੀਂ ਸਕਦੇ, ਉਨ੍ਹਾਂ ਨੇ ਮੇਰੇ ਨਾਲ ਕੀ ਗੱਲਬਾਤ ਕਰਨੀ।