ਪੰਜਾਬ ''ਚ ਨਕਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ ਕਸੂਰਵਾਰ ਮੁੱਖ ਮੰਤਰੀ : ਸੁਖਬੀਰ

Saturday, Aug 01, 2020 - 12:54 AM (IST)

ਪੰਜਾਬ ''ਚ ਨਕਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ ਕਸੂਰਵਾਰ ਮੁੱਖ ਮੰਤਰੀ : ਸੁਖਬੀਰ

ਮਾਨਸਾ,(ਸੰਦੀਪ ਮਿੱਤਲ) : ਪੰਜਾਬ 'ਚ ਪਹਿਲਾਂ ਜਦੋਂ ਵੀ ਕਾਂਗਰਸ ਸੱਤਾ ਵਿਚ ਆਈ ਤਾਂ ਉਸ ਨੇ ਸ਼ਰਾਬ ਮਾਫੀਆ ਬਣਾ ਕੇ ਲੁੱਟ ਕੀਤੀ ਤੇ ਹੁਣ ਨਕਲੀ ਸ਼ਰਾਬ ਬਣਾ ਕੇ ਪੰਜਾਬ ਨੂੰ ਲੁੱਟਿਆ ਤੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਾਨਸਾ ਵਿਖੇ ਲੰਘਦਿਆਂ ਸਾਬਕਾ ਅਕਾਲੀ ਵਿਧਾਇਕ ਸੁਖਵਿੰਦਰ ਸਿੰਘ ਔਲਖ ਦੇ ਨਿਵਾਸ 'ਤੇ ਗੱਲਬਾਤ ਕਰਦਿਆਂ ਕਹੀ।
ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਕਲੀ ਸ਼ਰਾਬ ਕਾਰਨ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿਖੇ 24 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ ਪਰ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ੋਸਲ ਮੀਡੀਆ 'ਤੇ ਬੈਠਾ ਸੋਸ਼ੋਬਾਜ਼ੀ ਕਰ ਰਿਹਾ ਹੈ ਪਰ ਨਕਲੀ ਸ਼ਰਾਬ ਕਾਰਨ ਮੌਤ ਦੇ ਮੂੰਹ ਵਿਚ ਗਏ ਵਿਅਕਤੀਆਂ ਦੇ ਪਰਿਵਾਰਾਂ ਲਈ ਉਸ ਕੋਲ ਕੋਈ ਹਮਦਰਦੀ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਸ਼ਰਾਬ ਮਾਫੀਆ ਵਲੋਂ ਕੀਤੀ 5600 ਕਰੋੜ ਦੀ ਲੁੱਟ ਤੋਂ ਬਾਅਦ ਪੰਜਾਬ ਦੇ ਹਰ ਵਿਅਕਤੀ ਨੂੰ ਪਤਾ ਹੈ ਕਿ ਨਕਲੀ ਸ਼ਰਾਬ ਦਾ ਧੰਦਾ ਕਾਂਗਰਸ ਦੇ ਮੰਤਰੀ, ਐਮ. ਐਲ. ਏ. ਹੀ ਨਹੀਂ ਸਗੋਂ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਦਾ ਪਰਿਵਾਰ ਵੀ ਇਸ ਨੂੰ ਚਲਾ ਰਿਹਾ ਹੈ।
ਇਨ੍ਹਾਂ ਮੌਤਾਂ ਦਾ ਸਿੱਧਾ ਕਸੂਰਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦੱਸਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਹਿਲਾਂ 'ਚ ਨਿਕਲ ਕੇ ਲੋਕਾਂ ਕੋਲ ਜਾਵੇ ਤੇ ਉਸ ਦੀ ਪਾਰਟੀ ਦੇ ਮੈਂਬਰਾਂ ਵਲੋਂ ਵੇਚੀ ਜਾਂਦੀ ਨਕਲੀ ਸ਼ਰਾਬ ਪੀ ਕੇ ਮਰੇ ਲੋਕਾਂ ਤੇ ਪਰਿਵਾਰਾਂ ਦੀ ਤਕਲੀਫ ਸੁਣ ਕੇ ਉਨ੍ਹਾਂ ਲਈ ਮੁਆਵਜੇ ਦਾ ਐਲਾਨ ਕਰੇ ਤੇ ਨਾਲ ਹੀ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੇ ਹੁਕਮ ਦੇਣ । ਇਸ ਦੌਰਾਨ ਸੁਖਬੀਰ ਬਾਦਲ ਨੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ ਤੇ ਮਿੰਠੁ ਸਿਘੰ ਕਾਹਨੇਕੇ ਨਾਲ ਕਰੀਬ ਇਕ ਘੰਟਾ ਮੀਟਿੰਗ ਕੀਤੀ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਦਾ ਸੰਕਟ ਬਰਕਰਾਰ ਹੈ ਤੇ ਪੰਜਾਬ ਸਰਕਾਰ ਅਕਤੂਬਰ ਮਹੀਨੇ 'ਚ ਨਗਰ ਕੌਂਸਲ ਚੋਣਾਂ ਕਰਵਾਉਣ ਤੇ ਵਿਚਾਰ ਕਰ ਰਹੀ ਹੈ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੰਨ੍ਹਾਂ ਚੋਣਾਂ ਦੇ ਕਰਵਾਉਣ ਦੇ ਪੱਖ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਜਿਹੜੇ ਮਕਾਨ ਡਿੱਗੇ ਹਨ, ਉਨ੍ਹਾਂ ਲਈ ਸਰਕਾਰ ਸਹਾਇਤਾ ਦਾ ਐਲਾਨ ਕਰਕੇ ਗਰੀਬਾਂ ਨੂੰ ਨਵੇਂ ਮਕਾਨ ਬਣਾ ਕੇ ਦੇਵੇ। ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ,ਸ੍ਰੋਮਣੀ ਕਮੇਟੀ ਮੈਂਬਰ ਮਿੱਠੁ ਸਿੰਘ ਕਾਹਨੇਕੇ, ਪ੍ਰੇਮ ਅਰੋੜਾ ਜ਼ਿਲਾ ਸ਼ਹਿਰੀ ਪ੍ਰਧਾਨ,ਮਨਜੀਤ ਸਿੰਘ ਬੱਪੀਆਣਾ, ਗੁਰਪ੍ਰੀਤ ਸਿੰਘ ਝੱਬਰ ,ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਹੈਪੀ ਮਾਨ ਆਦਿ ਹਾਜ਼ਰ ਸਨ।


author

Deepak Kumar

Content Editor

Related News