ਸੁਖਬੀਰ ਮਨਜਿੰਦਰ ਸਿਰਸਾ ਨੂੰ ਨਾਗਪੁਰ ਮੰਦਰਾਂ ਦੇ ਟੱਲ ਖੜਕਾਉਣ ਭੇਜੇ : ਭੋਮਾ
Friday, May 22, 2020 - 09:37 PM (IST)

ਫ਼ਤਿਹਗੜ੍ਹ ਸਾਹਿਬ, (ਜਗਦੇਵ)- ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਤੇ ਸੀਨੀ. ਅਕਾਲੀ ਆਗੂ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਮਜੀਠਾ, ਹਰਸ਼ਨਰ ਸਿੰਘ ਭਰਤਪੁਰ ਜੱਟਾਂ ਅਤੇ ਗੁਰਚਰਨ ਸਿੰਘ ਬਸਿਆਲਾ ਨੇ ਜਾਰੀ ਬਿਆਨ ’ਚ ਕਿਹਾ ਕਿ ਜੇਕਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਸਾਹਿਬਾਨ ’ਚ ਸੋਨੇ ਨੂੰ ਪ੍ਰਧਾਨ ਮੰਤਰੀ ਰਾਹਤ ਕੋਸ਼ ’ਚ ਦੇਣ ਬਾਰੇ ਬਿਆਨ ਬਾਰੇ ਸੱਚੇ ਦਿਲੋਂ ਸੁਹਿਰਦ ਹਨ ਤਾਂ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਮਨਜਿੰਦਰ ਸਿਰਸਾ ਨੂੰ ਤੁਰੰਤ ਦਿੱਲੀ ਗੁ. ਮੈਨੇਜਮੈਂਟ ਕਮੇਟੀ ਦੇ ਪ੍ਰਧਾਨਗੀ ਤੋਂ ਤੁਰੰਤ ਬਰਖ਼ਾਸਤ ਕਰ ਕੇ ਨਾਗਪੁਰ ਆਰ. ਐੱਸ. ਐੱਸ. ਦੇ ਕੈਂਪਾਂ ’ਚ ਐਡਵਾਂਸ ਸਿਖਲਾਈ ਲਈ ਭੇਜਣ ਤਾਂ ਕਿ ਉਹ ਆਰ. ਐੱਸ. ਐੱਸ. ਦੇ ਏਜੰਡੇ ਨੂੰ ਗੁਰਧਾਮਾਂ ’ਚ ਲਾਗੂ ਕਰਨ ਲੱਗਿਆਂ ਅੱਗੇ ਤੋਂ ਕੁਤਾਹੀ ਨਾ ਕਰਨ।
ਉਨ੍ਹਾਂ ਕਿਹਾ ਕਿ ਮੁਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਪਏ ਸੋਨੇ ਅਤੇ ਦਰਸ਼ਨ ਜੋੜੀ ’ਚ ਲੱਗੇ ਚਾਂਦੀ ਦੇ ਦਰਵਾਜ਼ਿਆਂ ਨੂੰ ਹਾਸਲ ਕਰਨ ਲਈ ਪਬਲਿਕ ਤੌਰ ’ਤੇ ਇੱਛਾ ਪ੍ਰਗਟਾਈ ਸੀ। ਇਸੇ ਤਰ੍ਹਾਂ 1984 ਦੇ ਸਾਕਾ ਨੀਲਾ ਤਾਰਾ ਸਮੇਂ ਫੌਜ ਵੱਲੋਂ ਤੋਸ਼ਾਖ਼ਾਨਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੇ ਸਾੜਿਆ ਗਿਆ ਸੀ। ਆਰ. ਐੱਸ. ਐੱਸ. ਦੀ ਇਨ੍ਹਾਂ ਚੀਜ਼ਾਂ ਤੇ ਭੈੜੀ ਨਜ਼ਰ ਰਹੀ ਹੈ। ਇਹੀ ਕਾਰਣ ਹੈ ਕਿ ਮਨਜਿੰਦਰ ਸਿੰਘ ਸਿਰਸਾ ਵਰਗੇ ਆਪਣੇ ਚੇਲਿਆਂ ਰਾਹੀਂ ਆਰ. ਐੱਸ. ਐੱਸ. ਸਿੱਖ ਕੌਮ ’ਤੇ ਗੁੱਝੇ ਹਮਲੇ ਕਰਦੀ ਰਹਿੰਦੀ ਹੈ, ਜਦੋਂ ਅਕਾਲੀ ਦਲ ਬਾਦਲ ਦਾ ਆਰ. ਐੱਸ. ਐੱਸ. ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ ਤਾਂ ਸਿਰਸਾ ਵਰਗਿਆਂ ਕੋਲੋਂ ਸਿੱਖ ਕੌਮ ਕੀ ਤਵੱਕੋ ਕਰ ਸਕਦੀ ਹੈ? ਉਨ੍ਹਾਂ ਕਿਹਾ ਕਿ ਜਦੋਂ ਮਨਜੀਤ ਸਿੰਘ ਜੀ. ਕੇ. ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਆਵਾਜ਼ ਉਠਾਈ ਤਾਂ ਜੀ. ਕੇ. ’ਤੇ ਝੂਠੇ ਇਲਜ਼ਾਮ ਲਾ ਕੇ ਸੁਖਬੀਰ ਬਾਦਲ ਵੱਲੋਂ ਦਿੱਲੀ ਗੁ. ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਅਕਾਲੀ ਦਲ ਬਾਦਲ ਤੋਂ ਵੀ ਬਰਖਾਸਤ ਕਰ ਦਿੱਤਾ ਸੀ ਤਾਂ ਹੁਣ ਸਿਰਸਾ ਵੱਲੋਂ ਬਜਰ ਗੁਨਾਹ ਕਰਨ ਤੋਂ ਬਾਅਦ ਕਬੂਤਰ ਵਾਂਗ ਅੱਖਾਂ ਕਿਉਂ ਮੀਟ ਲਈਆਂ ਗਈਆਂ ਹਨ ?