ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ, ਕੀਤੀ ਇਹ ਮੰਗ

Tuesday, Aug 01, 2023 - 05:01 AM (IST)

ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ, ਕੀਤੀ ਇਹ ਮੰਗ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਦੇਸ਼ਭਗਤ ਸਿੱਖ ਕੌਮ ਲਈ ਕਸ਼ਮੀਰ ਵਾਦੀ ਅਤੇ ਜੰਮੂ ਸੂਬੇ ’ਚ ਉਸੇ ਤਰੀਕੇ ਦੋ ਸੀਟਾਂ ਰਾਖਵੀਂਆਂ ਰੱਖੀਆਂ ਜਾਣ, ਜਿਵੇਂ ਕਸ਼ਮੀਰੀ ਪੰਡਿਤਾਂ ਵਾਸਤੇ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲੇ ਜੰਮੂ-ਕਸ਼ਮੀਰ ਸੂਬੇ ’ਚ ਵਾਦੀ ਵਿਚ ਸਿੱਖਾਂ ਨਾਲ ਉਹੀ ਵਤੀਰਾ ਹੋਇਆ, ਜੋ ਨਾਲ ਦੀਆਂ ਘੱਟਗਿਣਤੀ ਕੌਮਾਂ ਨਾਲ ਹੋਇਆ। ਅਜਿਹੇ ’ਚ ਉਨ੍ਹਾਂ ਨੂੰ ਵੀ ਹੋਰਨਾਂ ਦੇ ਬਰਾਬਰ ਹੱਕ ਮਿਲਣਾ ਚਾਹੀਦਾ ਹੈ ਤੇ ਬਰਾਬਰ ਗਿਣਿਆ ਜਾਣਾ ਚਾਹੀਦਾ ਹੈ। ਬਾਦਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਆਖਿਆ ਕਿ ਮਕਬੂਜ਼ਾ ਕਸ਼ਮੀਰ ਵਾਸਤੇ ਰੱਖੀਆਂ 8 ਸੀਟਾਂ ਬਹਾਲ ਕੀਤੀਆਂ ਜਾਣ ਤੇ ਮਕਬੂਜ਼ਾ ਕਸ਼ਮੀਰ ਤੋਂ ਉੱਜੜ ਕੇ ਆਏ ਤੇ ਹੁਣ ਜੰਮੂ-ਕਸ਼ਮੀਰ ’ਚ ਰਹਿ ਰਹੇ ਲੋਕਾਂ ਵਾਸਤੇ ਰਾਖਵੀਆਂ ਕੀਤੀਆਂ ਜਾਣ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੈਲਾਨੀਆਂ ਲਈ ਭਲਕੇ ਤੋਂ ਮੁੜ ਖੁੱਲ੍ਹ ਜਾਣਗੇ ਇਹ ਅਜਾਇਬਘਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰਾਂ ’ਚ ਬਾਦਲ ਨੇ ਕਿਹਾ ਕਿ ਸਿੱਖ ਕੌਮ ਖ਼ਾਸ ਤੌਰ ’ਤੇ ਜੰਮੂ-ਕਸ਼ਮੀਰ ਤੋਂ ਸਿੱਖਾਂ ਨੇ ਹੋਰ ਮੁੱਦਿਆਂ ਦੇ ਨਾਲ-ਨਾਲ ਇਹ ਮੰਗਾਂ ਜੰਮੂ-ਕਸ਼ਮੀਰ ਸੂਬੇ ਦੇ ਸਿੱਖ ਆਗੂਆਂ ਰਾਹੀਂ ਵਾਰ-ਵਾਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ 1947 ਤੋਂ ਘੱਟਗਿਣਤੀ ਸਿੱਖ ਕੌਮ ਦੇ ਮੈਂਬਰ ਜੰਮੂ-ਕਸ਼ਮੀਰ ’ਚ ਰਹਿ ਰਹੇ ਹਨ ਤੇ ਉਨ੍ਹਾਂ ਨੇ ਵੀ ਉਹੀ ਮੁਸ਼ਕਿਲਾਂ ਤੇ ਤਸ਼ੱਦਦ ਝੱਲਿਆ ਹੈ, ਜੋ ਕਸ਼ਮੀਰੀ ਪੰਡਿਤਾਂ ਨੇ ਝੱਲਿਆ। ਸਿੱਖ ਕੌਮ ਸਿਰਫ ਇਹ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਵੀ ਕਸ਼ਮੀਰੀ ਪੰਡਿਤਾਂ ਦੇ ਬਰਾਬਰ ਗਿਣਿਆ ਜਾਵੇ। ਬਾਦਲ ਨੇ ਕਸ਼ਮੀਰੀ ਪੰਡਿਤਾਂ ਨੂੰ ਦੋ ਸੀਟਾਂ ਦੇਣ ਦੇ ਕਦਮ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਨਾਲ ਉੱਜੜ ਕੇ ਆਏ ਲੋਕਾਂ ਨੂੰ ਕੌਮੀ ਮੁੱਖ ਧਾਰਾ ’ਚ ਸ਼ਾਮਲ ਕੀਤਾ ਜਾ ਸਕੇਗਾ।

ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਵਿਰੁੱਧ ਲੜਾਈ ’ਚ ਪੰਜਾਬ ਪੁਲਸ ਨੂੰ ਮਿਲੀ ਸਫ਼ਲਤਾ, 14 ਪਿੰਡਾਂ ਨੇ ਪਾਸ ਕੀਤੇ ਇਹ ਮਤੇ

ਉਨ੍ਹਾਂ ਕਿਹਾ ਕਿ ਜਿਸ ਭਾਵਨਾ ਨਾਲ ਕਸ਼ਮੀਰੀ ਪੰਡਿਤਾਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਉਹੀ ਭਾਵਨਾ ਸਿੱਖ ਕੌਮ ’ਤੇ ਲਾਗੂ ਕੀਤੀ ਜਾਵੇ ਕਿਉਂਕਿ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ 3.5 ਲੱਖ ਉੱਜੜ ਕੇ ਆਏ ਸਿੱਖ ਸੂਬੇ ’ਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਕੌਮ ਦੀ ਇਹ ਵਾਜਬ ਮੰਗ ਉਸੇ ਭਾਵਨਾ ਨਾਲ ਪ੍ਰਵਾਨ ਨਹੀਂ ਕੀਤੀ ਜਾਂਦੀ, ਜਿਵੇਂ ਕਸ਼ਮੀਰੀ ਪੰਡਿਤਾਂ ਲਈ ਕੀਤੀ ਗਈ ਹੈ ਤਾਂ ਦੇਸ਼ਭਗਤ ਸਿੱਖ ਕੌਮ ਸਮਝੇਗੀ ਕਿ ਉਸ ਨਾਲ ਬਹੁਤ ਵੱਡਾ ਵਿਤਕਰਾ ਹੋ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਿੱਖ ਹਮੇਸ਼ਾ ਪਾਕਿਸਤਾਨੀ ਫ਼ੌਜ ਅਤੇ ਸਰਹੱਦ ਤੋਂ ਆਉਂਦੇ ਘੁਸਪੈਠੀਆਂ ਖਿਲਾਫ਼ ਡਟ ਕੇ ਲੜੇ ਹਨ ਤੇ ਕਸ਼ਮੀਰ ਦੇ ਨਾਲ-ਨਾਲ ਦੇਸ਼ ਦੀ ਖੇਤਰੀ ਅਖੰਡਤਾ ਦੀ ਵਿਦੇਸ਼ੀ ਹਮਲਿਆਂ ਤੋਂ ਲੰਬੇ ਸਮੇਂ ਤੋਂ ਰਾਖੀ ਕੀਤੀ ਹੈ। ਜਦੋਂ ਅੱਤਵਾਦ ਸਿਖ਼ਰ ’ਤੇ ਸੀ, ਉਸ ਵੇਲੇ ਵੀ ਜੰਮੂ-ਕਸ਼ਮੀਰ ਦੇ ਸਿੱਖ ਘਰ ਛੱਡ ਕੇ ਨਹੀਂ ਭੱਜੇ, ਉਲਟਾ ਉਨ੍ਹਾਂ ਨੂੰ ਆਪਣੀ ਦੇਸ਼ਭਗਤੀ ਦਾ ਭਾਰੀ ਮੁੱਲ ਤਾਰਨਾ ਪਿਆ ਤੇ ਚਿੱਟੀਸਿੰਘਪੁਰਾ ਦੇ 36 ਲੋਕਾਂ ਸਮੇਤ 200 ਲੋਕਾਂ ਦੀਆਂ ਜਾਨਾਂ ਗਈਆਂ।

ਇਹ ਖ਼ਬਰ ਵੀ ਪੜ੍ਹੋ : ਡੀਜ਼ਲ ਇੰਜਣ ਕਾਰਾਂ ਖ਼ਰੀਦਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਇਨ੍ਹਾਂ ਗੱਡੀਆਂ ’ਤੇ ਲੱਗ ਸਕਦੀ ਹੈ ਪਾਬੰਦੀ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਹੋਰ ਕਿਹਾ ਕਿ ਸਿੱਖ ਨਾ ਸਿਰਫ ਕੌਮੀ ਘੱਟਗਿਣਤੀ ਹਨ ਸਗੋਂ ਜੰਮੂ-ਕਸ਼ਮੀਰ ਵਿਚ ਵੀ ਘੱਟਗਿਣਤੀ ’ਚ ਹਨ ਤੇ ਸਿਰਫ 3.5 ਲੱਖ ਸਿੱਖ ਸੂਬੇ ’ਚ ਰਹਿੰਦੇ ਹਨ। ਇਹ ਗਿਣਤੀ ਤਕਰੀਬਨ ਕਸ਼ਮੀਰੀ ਪੰਡਿਤਾਂ ਦੇ ਬਰਾਬਰ ਹੈ। 1947 ਤੋਂ ਉੱਜੜ ਕੇ ਆਏ 3.5 ਸਿੱਖਾਂ ਤੋਂ ਇਲਾਕਾ ਮਕਬੂਜ਼ਾ ਕਸ਼ਮੀਰ ਤੋਂ ਉੱਜੜ ਕੇ ਆਏ 1 ਲੱਖ ਲੋਕ ਵੀ ਜੰਮੂ-ਕਸ਼ਮੀਰ ਵਿਚ ਰਹਿ ਰਹੇ ਹਨ। ਮਕਬੂਜ਼ਾ ਕਸ਼ਮੀਰ ਤੋਂ ਉੱਜੜੇ ਲੋਕ ਜੰਮੂ-ਕਸ਼ਮੀਰ ਨੂੰ ਬਚਾਉਣ ਵਿਚ ਸਭ ਤੋਂ ਮੋਹਰੀ ਸਨ, ਜਿਨ੍ਹਾਂ ਨੇ ਪਾਕਿਸਤਾਨੀ ਫੌਜ ਤੇ ਕਬਾਇਲੀ ਹਮਲਾਵਰਾਂ ਤੋਂ ਸੂਬੇ ਦੀ ਰਾਖੀ ਕੀਤੀ ਤੇ 40000 ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਸੱਤ ਦਹਾਕਿਆਂ ਤੱਕ ਸੰਘਰਸ਼ ਝੱਲਿਆ ਤੇ ਦੁੱਖ-ਤਕਲੀਫਾਂ ਸਹੀਆਂ। ਇਨ੍ਹਾਂ ਨੂੰ ਵੀ ਬਣਦੀ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ। ਇਨ੍ਹਾਂ 16 ਲੱਖ ਲੋਕਾਂ ’ਚ 70 ਫੀਸਦੀ ਹਿੰਦੂ ਤੇ 30 ਫੀਸਦੀ ਸਿੱਖ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਸੰਵਿਧਾਨ ਮੁਤਾਬਕ ਮਕਬੂਜ਼ਾ ਕਸ਼ਮੀਰ ਲਈ 24 ਸੀਟਾਂ ਰੱਖੀਆਂ ਗਈਆਂ ਹਨ। ਜੇਕਰ ਅਸੀਂ ਮਕਬੂਜ਼ਾ ਕਸ਼ਮੀਰ ’ਚ ਆਬਾਦੀ ਦਾ ਹਿਸਾਬ ਲਗਾਈਏ ਤਾਂ ਵੇਖਾਂਗੇ ਕਿ 16 ਲੱਖ ਅਜਿਹੇ ਲੋਕ ਜੰਮੂ-ਕਸ਼ਮੀਰ ਵਿਚ ਰਹਿ ਰਹੇ ਹਨ, ਜਿਨ੍ਹਾਂ ਲਈ ਮਕਬੂਜ਼ਾ ਕਸ਼ਮੀਰ ਵਾਸਤੇ ਰੱਖੀਆਂ 24 ਸੀਟਾਂ ’ਚੋਂ 8 ਸੀਟਾਂ ਇਨ੍ਹਾਂ ਲੋਕਾਂ ਲਈ ਰੱਖੀਆਂ ਜਾਣੀਆਂ ਚਾਹੀਦੀਆਂ ਹਨ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Manoj

Content Editor

Related News