ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ’ਤੇ ਵਿਨ੍ਹਿਆ ਨਿਸ਼ਾਨਾ, ਲਗਾਏ ਵੱਡੇ ਦੋਸ਼

Thursday, Nov 18, 2021 - 03:31 PM (IST)

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ’ਤੇ ਵਿਨ੍ਹਿਆ ਨਿਸ਼ਾਨਾ, ਲਗਾਏ ਵੱਡੇ ਦੋਸ਼

ਫਿਲੌਰ (ਭਾਖੜੀ) : ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਖੁਦ ਸਭ ਤੋਂ ਵੱਡਾ ਰੇਤ ਮਾਫੀਆ ਹੈ, ਰੇਤ ਦੀ ਕਾਲਾ ਬਾਜ਼ਾਰੀ ਬੰਦ ਹੋ ਹੀ ਨਹੀਂ ਸਕਦੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੁਖਬੀਰ ਬਾਦਲ ਨੇ ਸਥਾਨਕ ਸ਼ਹਿਰ ’ਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ। ਅਕਾਲੀ-ਬਸਪਾ ਦੇ ਉਮਦੀਵਾਰ ਬਲਦੇਵ ਖਹਿਰਾ ਵੱਲੋਂ ਸਥਾਨਕ ਸ਼ਹਿਰ ਦੇ ਸਤਲੁਜ ਕਲੱਬ ’ਚ ਰੈਲੀ ਆਯੋਜਿਤ ਕੀਤੀ ਗਈ, ਜਿਸ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਨੂੰ ਪਹਿਲਾਂ ਕੈਪਟਨ ਅਮਰਿੰਦਰ ਵਰਗਾ ਮੁੱਖ ਮੰਤਰੀ ਮਿਲਿਆ, ਜੋ ਝੂਠੀਆਂ ਸਹੁੰਆਂ ਖਾ ਕੇ ਸੀ. ਐੱਮ. ਦੀ ਕੁਰਸੀ ਤੱਕ ਪੁੱਜਾ।  ਉਸ ਤੋਂ ਬਾਅਦ ਸਾਢੇ 4 ਸਾਲ ਉਹ ਦਿਖਾਈ ਨਹੀਂ ਦਿੱਤਾ। ਹੁਣ ਕਾਂਗਰਸ ਪਾਰਟੀ ਨੇ ਜੋ ਦੂਜਾ ਮੁੱਖ ਮੰਤਰੀ ਦਿੱਤਾ, ਉਹ ਅੱਜ ਤੱਕ ਦਾ ਸਭ ਤੋਂ ਫ੍ਰਾਡ ਮੁੱਖ ਮੰਤਰੀ ਹੈ, ਜੋ ਬਾਹਰੋਂ ਕੁਝ ਹੋਰ ਦਿਖਦਾ ਹੈ ਤੇ ਅੰਦਰੋਂ ਕੁਝ ਹੋਰ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਰੇਤ ਮਾਫੀਆ ਦੇ ਲੋਕਾਂ ਨਾਲ ਡੀਲ ਹੋਈ ਹੈ ਅਤੇ ਉਹ ਰੋਪੜ ਤੋਂ ਹੀ ਨਹੀਂ, ਸਗੋਂ ਦਰਿਆ ਦੇ ਹਰ ਰਸਤੇ ਤੋਂ ਨਾਜਾਇਜ਼ ਮਾਈਨਿੰਗ ਮਿਲ ਕੇ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਸਰਕਾਰ ਜੋ ਸ਼ਹਿਰਾਂ ’ਚ ਇੰਟਰਲਾਕ ਟਾਈਲਾਂ ਲਗਵਾ ਰਹੀ ਹੈ, ਉਹ ਇਨ੍ਹਾਂ ਦੇ ਨੇਤਾਵਾਂ ਵੱਲੋਂ ਲਗਾਈਅਾਂ ਫੈਕਟਰੀਆਂ ’ਚ ਬਣ ਰਹੀਆਂ ਹਨ, ਜੋ ਸਰਕਾਰ ਨੂੰ ਵੇਚ ਕੇ ਮੋਟੇ ਰੁਪਏ ਕਮਾ ਰਹੇ ਹਨ। ਬਾਅਦ ਵਿਚ ਇਨ੍ਹਾਂ ਦੇ ਸਰਪੰਚ ਸੜਕਾਂ ਗਲੀਆਂ ’ਚ ਲਗਵਾਉਣ ਦੀ ਅਫਸਰਾਂ ਤੋਂ ਜ਼ਬਰਦਸਤੀ ਕਮੀਸ਼ਨ ਵੀ ਮੰਗਦੇ ਹਨ, ਜਿਨ੍ਹਾਂ ਦੀ ਕਮੀਸ਼ਨ ਮੰਗਣ ਦੀ ਆਡੀਓ ਆਏ ਦਿਨ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਡਿੰਪੀ ਢਿੱਲੋਂ ਦੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਤੋਂ ਭੜਕੇ ਟਰਾਂਸਪੋਰਟਰ, ਮੰਤਰੀ ਵੜਿੰਗ ਨੂੰ ਦਿੱਤਾ ਅਲਟੀਮੇਟਮ

PunjabKesari

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਾਡੀ ਸਰਕਾਰ ਆਉਂਦੇ ਹੀ ਉਹ ਸਭ ਤੋਂ ਪਹਿਲਾਂ ਕੰਮ ਇੰਟਰਲਾਕ ਟਾਈਲਾਂ ਵਿਚ ਹੋਏ ਘਪਲਿਆਂ ਦੀ ਵਿਜੀਲੈਂਸ ਜਾਂਚ ਬਿਠਾਉਣਗੇ। ਇਨ੍ਹਾਂ ਦੇ 95 ਫੀਸਦੀ ਸਰਪੰਚ ਅਤੇ ਨੇਤਾ ਸਲਾਖਾਂ ਪਿੱਛੇ ਪੁੱਜਣਗੇ। ਉਨ੍ਹਾਂ ਕਿਹਾ ਕਿ ਜੋ ਸਰਕਾਰ ਨੇ 3 ਰੁਪਏ ਬਿਜਲੀ ਸਸਤੀ ਕੀਤੀ ਹੈ, ਉਸ ਦਾ ਸੱਚ ਜਾਣਨ ਲਈ ਜਦੋਂ ਉਨ੍ਹਾਂ ਨੇ ਅੰਦਰੋਂ ਪੇਪਰ ਕੱਢਵਾ ਕੇ ਪੜ੍ਹੇ ਤਾਂ ਉਸ ’ਚ ਸਾਫ ਤੌਰ ’ਤੇ ਲਿਖਿਆ ਹੋਇਆ ਸੀ ਕਿ ਇਹ ਸਸਤੀ ਬਿਜਲੀ 31 ਮਾਰਚ ਤੱਕ ਮਿਲੇਗੀ, ਮਤਲਬ ਚੋਣਾਂ ਖਤਮ ਹੁੰਦੇ ਹੀ ਬਿਜਲੀ ਫਿਰ ਪੁਰਾਣੇ ਰੇਟ ’ਤੇ ਮਿਲੇਗੀ। ਪ੍ਰੋਗਰਾਮ ਤੋਂ ਬਾਅਦ ਸ਼੍ਰੀ ਬਾਦਲ ਨੇ ਏਸ਼ੀਆ ਦੇ ਵਿਸ਼ਾਲ ਸੰਕਟ ਮੋਚਨ ਸ਼੍ਰੀ ਹਨੂੰਮਾਨ ਮੰਦਰ ’ਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਤੇ ਦੇਰ ਸ਼ਾਮ ਸਥਾਨਕ ਹੋਟਲ ’ਚ ਵਪਾਰੀਆਂ ਨਾਲ ਮੀਟਿੰਗ ਵੀ ਕੀਤੀ।

ਸੁਖਬੀਰ ਬਾਦਲ ਨੇ ਐਲਾਨਾਂ ਦੀ ਲਾਈ ਝੜੀ
► ਸਰਕਾਰ ਬਣਦੇ ਹੀ ਪੰਜਾਬ ਵਾਸੀਆਂ ਨੂੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਇਹ ਮੁਫਤ ਵਾਲੀ ਸਹੂਲਤ ਕਿਸੇ ਵਿਸ਼ੇਸ਼ ਵਰਗ ਲਈ ਨਹੀਂ, ਸਗੋਂ ਸਾਰਿਆਂ ਲਈ ਹੋਵੇਗੀ।
►  ਪੰਜਾਬ ਵਾਸੀਆਂ ਦੀ 10 ਲੱਖ ਰੁਪਏ ਤੱਕ ਦੀ ਇੰਸ਼ੋਰੈਂਸ ਕੀਤੀ ਜਾਵੇਗੀ। ਇਸ਼ੋਰੈਂਸ ਦਾ ਪ੍ਰੀਮੀਅਮ ਪੰਜਾਬ ਸਰਕਾਰ ਦੇਵੇਗੀ। ਲੋਕ ਕਿਸੇ ਵੀ ਵੱਡੇ ਹਸਪਤਾਲ ’ਚ ਮੁਫਤ ਇਲਾਜ ਕਰਵਾ ਸਕਣਗੇ।
► ਪੰਜਾਬ ਵਾਸੀਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਬੋਝ ਨਹੀਂ ਚੁੱਕਣਾ ਪਵੇਗਾ। ਇਸ ਦੇ ਲਈ ਉਨ੍ਹਾਂ ਦੀ ਸਰਕਾਰ 5 ਹਜ਼ਾਰ ਕਰੋੜ ਰੁਪਏ ਬੈਂਕ ਲੋਨ ਲਵੇਗੀ, ਬੱਚਿਆਂ ਦੇ 10 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਕਾਰਡ ਬਣਾਏ ਜਾਣਗੇ।
► 33 ਫੀਸਦੀ ਸਰਕਾਰੀ ਸਕੂਲਾਂ ’ਚ ਪੜ੍ਹੇ ਬੱਚਿਆਂ ਨੂੰ ਅੱਗੇ ਵੱਡੀਆਂ ਯੂਨੀਵਰਸਿਟੀਆਂ ’ਚ ਸਿੱਖਿਆ ਮੁਫਤ ਦਿਵਾਈ ਜਾਵੇਗੀ।

ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਖੋਲ੍ਹਣ ਨਾਲ ਸਿੱਖ ਸੰਗਤ ’ਚ ਖੁਸ਼ੀ, ਖੇਤੀ ਕਾਨੂੰਨ ਵੀ ਰੱਦ ਕਰੇ ਕੇਂਦਰ ਸਰਕਾਰ : ਬੀਬੀ ਜਗੀਰ ਕੌਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


author

Anuradha

Content Editor

Related News