ਸੁਖਬੀਰ ਬਾਦਲ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ‘ਆਪ’ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ

02/27/2023 11:34:06 PM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ ’ਚ ਇਕ ਦਿਨ ’ਚ ਚਾਰ ਕਤਲ ਹੋਣ ਨਾਲ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ’ਚ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਗ਼ਲਤ ਠਹਿਰਾਉਣ ਵਿਚ ਰੁੱਝੇ ਹੋਏ ਹਨ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਵੀ ਮਨਮਰਜ਼ੀ ਨਾਲ ਕਤਲ ਹੋ ਰਹੇ ਹਨ, ਜਿਵੇਂ ਕਿ ਕੱਲ੍ਹ ਸਭ ਨੇ ਵੇਖਿਆ ਕਿ ਕਿਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਂ ਦਾ ਜੇਲ੍ਹ ਵਿਚ ਕਤਲ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਸਣੇ ਕਈ ਭਾਜਪਾ ਆਗੂਆਂ ’ਤੇ ਲਾਏ ਵੱਡੇ ਇਲਜ਼ਾਮ

ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਤੱਥ ਨੂੰ ਉਜਾਗਰ ਕਰਦੀਆਂ ਹਨ ਕਿ ‘ਆਪ’ ਸਰਕਾਰ ਨਹੀਂ ਚਾਹੁੰਦੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੱਚ ਸਾਹਮਣੇ ਆ ਸਕੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ’ਚ ਪਿਛਲੇ 10 ਦਿਨਾਂ ਤੋਂ ਲਗਾਤਾਰ ਘਿਨੌਣੇ ਅਪਰਾਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਕਦੇ ਵੀ ਇਸ ਤਰੀਕੇ ਸੜਕਾਂ ’ਤੇ ਗੈਂਗਵਾਰ ਨਹੀਂ ਹੋਈ ਸੀ, ਜਿਵੇਂ ਹੁਣ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਤੱਤ ਸੂਬੇ ’ਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦਾ ਲਾਭ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਵਾਸਤੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਫੋਰਸ ਨੂੰ ਆਪ ਪ੍ਰਸ਼ਾਸਨ ਵੱਲੋਂ ਨੂੜ ਕੇ ਰੱਖਿਆ ਗਿਆ ਹੈ, ਜਿਵੇਂ ਕਿ ਬੀਤੇ ਦਿਨਾਂ ’ਚ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠਲੇ ਕੱਟੜਪੰਥੀਆਂ ਵੱਲੋਂ ਅਜਨਾਲਾ ਪੁਲਸ ਥਾਣੇ ’ਤੇ ਕੀਤੇ ਹਮਲੇ ਦੇ ਮਾਮਲੇ ਵਿਚ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਇਹ ਤੇ ਹੋਰ ਘਟਨਾਵਾਂ ਇਹ ਗੱਲ ਉਜਾਗਰ ਕਰਦੀਆਂ ਹਨ ਕਿ ਏਕਤੀਕ੍ਰਿਤ ਕਮਾਂਡ ਢਾਂਚੇ ਦੀ ਘਾਟ ਹੈ, ਜਿਸ ਕਾਰਨ ਸੂਬੇ ਦੀ ਪੁਲਸ ਦਾ ਮਨੋਬਲ ਡਿੱਗਿਆ ਹੈ ਤੇ ਮੁਸ਼ਕਿਲਾਂ ਹੋਰ ਵਧੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ’ਚ ਹੋਈ ਗੈਂਗਵਾਰ ਦੀ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਵਿਰੋਧੀਆਂ ਨੂੰ ਦਿੱਤੀ ਧਮਕੀ

ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਹੀ 4 ਕਤਲ ਹੋ ਗਏ ਹਨ। ਪੱਟੀ ’ਚ ਕਾਂਗਰਸ ਦੇ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਦਾ ਦਿਨ-ਦਿਹਾੜੇ ਕਤਲ ਕੀਤਾ ਗਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਕ ਵਿਦਿਆਰਥੀ ਦਾ ਕਤਲ ਕੀਤਾ ਗਿਆ, ਅੰਮ੍ਰਿਤਸਰ ’ਚ ਇਕ ਕਤਲ ਹੋਇਆ ਅਤੇ ਸੰਗਰੂਰ ਵਿਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਲੋਕਾਂ ਨੇ ਵੇਖਿਆ ਕਿ  ਕਿਵੇਂ ਮੁਹਾਲੀ ਵਿਚ ਗੈਂਗਸਟਰਾਂ ਨੇ ਇਕ ਨੌਜਵਾਨ ਦੀਆਂ ਉਂਗਲਾਂ ਵੱਢ ਦਿੱਤੀਆਂ ਤੇ ਫਿਰੋਜ਼ਪੁਰ ਵਿਚ ਪੁਲਸ ਦੀ ਹਾਜ਼ਰੀ ਵਿਚ ਔਰਤ ’ਤੇ ਕਾਤਲਾਨਾ ਹਮਲਾ ਹੋਇਆ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਸੁਨਾਮ ’ਚ ਇਕ ਵਿਅਕਤੀ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ, ਜਦਕਿ ਇਕ ਹੋਰ ਫਿਲੌਰ ’ਚ ਕਤਲ ਕਰ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਹਾਲਾਤ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਗੈਂਗਵਾਰ ਖਤਮ ਕਰਨ ਵਾਸਤੇ ਕੋਈ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਮੁਹਾਲੀ ’ਚ ਸੂਬਾ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹਮਲੇ ਮਗਰੋਂ ਅੱਤਵਾਦੀ ਸਰਗਰਮੀਆਂ ਵਿਚ ਚੋਖਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਹਿਲੀ ਵਾਰ ਪਟਿਆਲਾ ਵਿਚ ਕਾਲੀ ਮਾਤਾ ਮੰਦਿਰ ਦੇ ਬਾਹਰ ਫਿਰਕੂ ਟਕਰਾਅ ਵੇਖਣ ਨੂੰ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ‘ਆਪ’ ਸਰਕਾਰ ਦੇ ਕੁ ਪ੍ਰਸ਼ਾਸਨ ਦਾ ਭਾਰੀ ਮੁੱਲ ਤਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਦੀਆਂ ਕਈ ਇਕਾਈਆਂ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਵਿਚ ਸ਼ਿਫਟ ਹੋ ਗਈਆਂ ਹਨ ਤੇ ਸੂਬਾ ਸਰਕਾਰ ਗੈਂਗਸਟਰਾਂ ਵੱਲੋਂ ਇਨ੍ਹਾਂ ਤੋਂ ਲਈਆਂ ਜਾਂਦੀਆਂ ਫਿਰੌਤੀਆਂ ਦੇ ਮਾਮਲੇ ਵਿਚ ਬੇਵੱਸ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਜਿਥੇ ਬੇਰੋਜ਼ਗਾਰੀ ਵਧੀ ਹੈ, ਉਥੇ ਹੀ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਵੀ ਸੱਟ ਵੱਜੀ ਹੈ। 
 


Manoj

Content Editor

Related News