ਸੁਖਬੀਰ ਨੇ ਵੋਟਾਂ ਲਈ ਡੇਰਾ ਮੁਖੀ ਨੂੰ ਦਿਵਾਈ ਮੁਆਫ਼ੀ ਤੇ ਐੱਮ. ਐੱਸ. ਜੀ.-2 ਰਿਲੀਜ਼ ਕਰਵਾਈ : ਜਾਖੜ

Wednesday, Jul 15, 2020 - 02:07 AM (IST)

ਸੁਖਬੀਰ ਨੇ ਵੋਟਾਂ ਲਈ ਡੇਰਾ ਮੁਖੀ ਨੂੰ ਦਿਵਾਈ ਮੁਆਫ਼ੀ ਤੇ ਐੱਮ. ਐੱਸ. ਜੀ.-2 ਰਿਲੀਜ਼ ਕਰਵਾਈ : ਜਾਖੜ

ਚੰਡੀਗੜ੍ਹ/ਜਲੰਧਰ,(ਹਰੀਸ਼ਚੰਦਰ, ਧਵਨ)-ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਡੇਰਾ ਪ੍ਰਮੁੱਖ ਨਾਲ ਕਥਿਤ ਗੰਢਤੁਪ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਥ 'ਚੋਂ ਬਾਹਰ ਕੱਢਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਨ। ਜਾਖੜ ਨੇ ਕਿਹਾ ਕਿ ਸੋਮਵਾਰ ਨੂੰ ਡੇਰਾ ਮੁਖੀ ਦੇ ਪ੍ਰਤੀਨਿਧੀਆਂ ਨੇ ਸਾਫ਼ ਕਿਹਾ ਹੈ ਕਿ ਸਾਲ 2017 ਵਿਚ ਡੇਰੇ ਨੇ ਅਕਾਲੀ ਦਲ ਨੂੰ ਵੋਟਾਂ ਦਿੱਤੀਆਂ ਸਨ, ਜਿਸ ਦੀ ਕੀਮਤ ਉਨ੍ਹਾਂ ਨੂੰ ਹੁਣ ਚੁਕਾਉਣੀ ਪੈ ਰਹੀ ਹੈ। ਇਸ ਕਾਰਨ ਕਾਂਗਰਸ ਸਰਕਾਰ ਡੇਰਾ ਪ੍ਰੇਮੀਆਂ 'ਤੇ ਪਰਚੇ ਪਾ ਰਹੀ ਹੈ। ਇੱਥੇ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਡੇਰੇ ਦਾ ਇਹ ਬਿਆਨ ਬਹੁਤ ਡੂੰਘਾ ਹੈ, ਜਿਸ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਪਹਿਲੀ ਵਾਰ ਡੇਰੇ ਨੇ ਮੰਨਿਆ ਹੈ ਕਿ ਡੇਰਾ ਪ੍ਰੇਮੀਆਂ ਦੀ ਵੋਟ ਅਕਾਲੀ ਦਲ ਨੂੰ ਪਵਾਈ। ਹੁਣ ਤੱਕ ਡੇਰਾ ਕਦੇ ਨਹੀਂ ਦੱਸਦਾ ਸੀ ਕਿ ਉਸ ਦੇ ਪ੍ਰੇਮੀ ਕਿਸ ਪਾਰਟੀ ਨੂੰ ਵੋਟ ਦੇਣਗੇ, ਰਾਜਨੀਤਕ ਵਿੰਗ ਰਾਹੀਂ ਵੋਟ ਦੇਣ ਦੇ ਨਿਰਦੇਸ਼ ਦਿੱਤੇ ਜਾਂਦੇ ਸਨ। ਇਸ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਡੇਰੇ ਅਤੇ ਸੁਖਬੀਰ ਵਿਚਾਲੇ ਪਹਿਲਾਂ ਹੀ ਸੌਦੇਬਾਜ਼ੀ ਹੋ ਗਈ ਸੀ, ਜਿਸ ਦੇ ਤਹਿਤ ਨਾ ਸਿਰਫ਼ ਸਿੱਖਾਂ ਦੇ ਭਾਰੀ ਇਤਰਾਜ਼ ਦੇ ਬਾਵਜੂਦ ਡੇਰਾ ਮੁਖੀ ਦੀ ਫ਼ਿਲਮ ਐੱਮ.ਐੱਸ.ਜੀ.-2 ਰਿਲੀਜ਼ ਕਰਵਾਈ ਗਈ, ਸਗੋਂ ਉਸ ਨੂੰ ਸ੍ਰੀ ਅਕਾਲ ਤਖ਼ਤ ਤੋਂ ਚੁਪਚਾਪ ਮੁਆਫ਼ੀ ਵੀ ਦਿਵਾ ਦਿੱਤੀ। ਇਸ ਦੇ ਬਦਲੇ ਸੁਖਬੀਰ ਨੇ ਡੇਰੇ ਦੀ ਵੋਟ ਅਕਾਲੀ ਦਲ ਨੂੰ ਪਵਾਈ। ਜਾਖੜ ਨੇ ਦੋਸ਼ ਲਾਇਆ ਕਿ ਪਿਛਲੀ ਬਾਦਲ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਨੂੰ ਇਸ ਕਾਰਨ ਸੌਂਪੀ ਸੀ ਤਾਂ ਕਿ ਮਾਮਲੇ ਨੂੰ ਲਟਕਾਇਆ ਜਾ ਸਕੇ। ਹੁਣ ਜਦੋਂ ਐੱਸ.ਆਈ. ਟੀ. ਤੇਜ਼ੀ ਨਾਲ ਜਾਂਚ ਕਰ ਰਹੀ ਹੈ ਤਾਂ ਸੀ. ਬੀ. ਆਈ. ਇਸ ਨੂੰ ਰੋਕਣ ਲਈ ਲੱਤ ਅੜਾ ਰਹੀ ਹੈ।

ਨਿਜੀ ਤੌਰ 'ਤੇ ਉਮੀਦਵਾਰ ਗਏ, ਪਾਰਟੀ ਲਈ ਵੋਟ ਮੰਗਣ ਕੋਈ ਨਹੀਂ ਗਿਆ
ਡੇਰਾ ਪ੍ਰੇਮੀਆਂ ਵਲੋਂ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਬਦਲਾਖੋਰੀ ਦਾ ਇਲਜ਼ਾਮ ਲਾਉਣ ਦੇ ਸਵਾਲ 'ਤੇ ਉਨ੍ਹਾਂ ਉਲਟਾ ਪੁੱਛਿਆ ਕਿ ਰੋਹਤਕ ਜੇਲ ਵਿਚ ਡੇਰਾ ਮੁਖੀ ਬੰਦ ਹੈ, ਉਸ ਨੂੰ ਅਸੀਂ ਤਾਂ ਅੰਦਰ ਨਹੀਂ ਕਰਵਾਇਆ। ਸਾਡਾ ਉਸ ਨੂੰ ਜੇਲ ਭਿਜਵਾਉਣ ਨਾਲ ਕੋਈ ਲੈਣਾ-ਦੇਣਾ ਨਹੀਂ। ਡੇਰੇ ਦੀ ਵੋਟ ਮੰਗਣ ਤਾਂ ਕਾਂਗਰਸੀ ਵੀ ਜਾਂਦੇ ਰਹੇ ਹਨ, ਸਵਾਲ 'ਤੇ ਜਾਖੜ ਨੇ ਕਿਹਾ ਕਿ ਨਿਜੀ ਤੌਰ 'ਤੇ ਕੋਈ ਉਮੀਦਵਾਰ ਭਾਂਵੇ ਜਾਂਦਾ ਹੋਵੇ ਪਰ ਪਾਰਟੀ ਲਈ ਵੋਟ ਮੰਗਣ ਕੋਈ ਨਹੀਂ ਗਿਆ।
 


author

Deepak Kumar

Content Editor

Related News