ਸੁਖਬੀਰ ਬਾਦਲ ਅਕਾਲੀ ਦਲ ਦਾ ਫਰਜ਼ੀ ਪ੍ਰਧਾਨ : ਸੁਨੀਲ ਜਾਖੜ

12/21/2019 7:19:52 PM

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ): ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਤੰਜ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਅਕਾਲੀ ਦਲ ਦਾ ਫਰਜ਼ੀ ਪ੍ਰਧਾਨ ਹੈ, ਜੋ ਕਿ ਆਪਣੀ ਫ਼ਰਜ਼ੀ ਪ੍ਰਧਾਨਗੀ 'ਤੇ ਮੋਹਰ ਲਾਉਣ ਲਈ ਪਟਿਆਲਾ 'ਚ ਧਰਨੇ ਲਾ ਰਿਹਾ ਹੈ। ਸੁਨੀਲ ਜਾਖੜ ਨੇ ਇਹ ਸ਼ਬਦ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਫਰਜ਼ੀ ਪ੍ਰਧਾਨਗੀ ਬਾਰੇ ਮੈਂ ਨਹੀਂ ਕਹਿ ਰਿਹਾ ਬਲਕਿ ਇਨ੍ਹਾਂ ਦੇ ਹੀ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ, ਜੋ ਕਿ ਅਕਾਲੀ ਦਲ ਦੇ ਅਜੇ ਵੀ ਮੈਂਬਰ ਹਨ ਉਹ ਕਹਿ ਰਹੇ ਹਨ। ਸੁਖਬੀਰ ਬਾਦਲ ਨੂੰ ਤਾਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸਬੰਧੀ ਦੋਸ਼ੀਆਂ ਨੂੰ ਫੜਨ ਲਈ ਧਰਨੇ ਲਾਉਣੇ ਚਾਹੀਦੇ ਸਨ। ਕਿਉਂਕਿ ਅਜੇ ਤੱਕ ਸਿਰਫ਼ 12 ਵਿਅਕਤੀ ਹੀ ਫੜੇ ਗਏ ਹਨ, ਜੋ ਅਸਲ ਦੋਸ਼ੀ ਹਨ, ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ। ਬਰਗਾੜੀ ਵਿਖੇ ਲੋਕਾਂ 'ਤੇ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ। ਉਹ ਲੋਕ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ। ਅਫ਼ਸਰ ਤਾਂ ਇਸਦੀ ਲਪੇਟ 'ਚ ਆ ਗਏ ਹਨ ਪਰ ਜਨਰਲ ਡਾਇਰ ਵਾਂਗ ਹੁਕਮ ਦੇਣ ਵਾਲੇ ਅਜੇ ਤੱਕ ਇਸਦੀ ਲਪੇਟ 'ਚ ਨਹੀਂ ਆਏ ਹਨ। ਉਹ ਲੋਕ ਵੀ ਜਲਦੀ ਇਸਦੀ ਲਪੇਟ ਵਿਚ ਆ ਜਾਣਗੇ।

ਮਹਿੰਗਾਈ ਪ੍ਰਤੀ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਪਿਆਜ਼ 125 ਰੁਪਏ ਕਿੱਲੋ ਹੋ ਗਿਆ ਹੈ। ਜੀ. ਡੀ. ਪੀ. ਦੀ ਦਰ ਹੇਠਾਂ ਡਿੱਗ ਰਹੀ ਹੈ। ਮਹਿੰਗਾਈ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਲਈ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਬਲਦੀ ਅੱਗ ਵਿਚ ਧਕੇਲ ਦਿੱਤਾ ਹੈ। ਇਕ ਫਿਰਕੇ ਦੇ ਲੋਕ ਇਨ੍ਹਾਂ ਨੂੰ ਅੱਤਵਾਦੀ ਜਾਪ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਵੀ ਇਸ ਮੁੱਦੇ 'ਤੇ ਚੁੱਪੀ ਧਾਰੀ ਬੈਠੇ ਹਨ। ਅੱਜ ਨੌਜਵਾਨਾਂ ਨੂੰ ਰੋਜ਼ਗਾਰ ਦੀ ਲੋੜ ਹੈ ਨਾ ਕਿ ਲਾਠੀਆਂ ਦੀ। ਮੋਦੀ ਸਰਕਾਰ ਨੌਜਵਾਨਾਂ ਨੂੰ ਕੁੱਟ ਰਹੀ ਹੈ। ਅੱਜ ਜਿਥੇ ਰੋਜ਼ਗਾਰ ਮੇਲੇ ਲੱਗਣੇ ਚਾਹੀਦੇ ਸਨ ਉਥੇ ਮੋਦੀ ਸਰਕਾਰ ਨੇ ਪੁਲਸ ਲਾਈ ਹੋਈ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਪੰਜਾਬ ਦੇ ਹੱਕ ਮਾਰ ਰਹੀ ਹੈ। ਜੀ. ਐੱਸ. ਟੀ. ਦਾ 2200 ਕਰੋੜ ਰੁਪਿਆ ਅਜੇ ਤੱਕ ਪੰਜਾਬ ਨੂੰ ਨਹੀਂ ਦਿੱਤਾ ਗਿਆ। ਅਸੀਂ ਪੰਜਾਬ ਦੇ ਹੱਕ ਮਰਨ ਨਹੀਂ ਦੇਵਾਂਗੇ। ਚਾਹੇ ਸਾਨੂੰ ਦਿੱਲੀ ਜਾ ਕੇ ਧਰਨਾ ਦੇਣਾ ਪਵੇ। ਪ੍ਰਕਾਸ਼ ਸਿੰਘ ਬਾਦਲ ਸੂਬੇ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਦੇ ਸਨ। ਹੁਣ ਉਨ੍ਹਾਂ ਦੀ ਮੰਗ ਕਿੱਥੇ ਗਈ। ਉਨ੍ਹਾਂ ਕਿਹਾ ਬਾਦਲ ਸਾਹਿਬ ਨੇ ਤਾਂ ਸਾਰੀ ਉਮਰ ਇਸੇ ਗੱਲ 'ਤੇ ਕੱਢੀ ਹੈ ਕਿ ਮੈਂ ਸੂਬੇ ਦੇ ਵੱਧ ਅਧਿਕਾਰਾਂ ਲਈ ਲੜਾਂਗਾ ਪਰ ਹੁਣ ਬਾਦਲ ਸਾਹਿਬ ਇਕ ਮਨਿਸਟਰੀ ਲਈ ਚੁੱਪੀ ਧਾਰੀ ਬੈਠੇ ਹਨ।

ਜਾਖੜ ਨੇ ਕਿਹਾ ਕਿ ਸਮਾਰਟ ਕਾਰਡ ਬਣਾਉਣ ਦੇ ਮਾਮਲੇ 'ਚ ਜ਼ਿਲਾ ਬਰਨਾਲਾ ਕਾਫੀ ਪੱਛੜਿਆ ਹੋਇਆ ਹੈ। ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੇ ਮਾਮਲੇ ਵਿਚ ਵੀ ਬਰਨਾਲਾ ਜ਼ਿਲਾ ਪਿੱਛੇ ਚੱਲ ਰਿਹਾ ਹੈ। ਜ਼ਿਲੇ 'ਚ 1 ਲੱਖ 2 ਹਜ਼ਾਰ ਲੋਕਾਂ ਨੂੰ ਕਾਰਡ ਦੀ ਜ਼ਰੂਰਤ ਸੀ, ਅਜੇ ਤੱਕ ਸਿਰਫ਼ 77 ਹਜ਼ਾਰ ਕਾਰਡ ਹੀ ਬਣੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਹਰੇਕ ਜ਼ਿਲੇ 'ਚ ਜਾ ਕੇ ਵਰਕਰਾਂ ਦੀਆਂ ਦੁੱਖ ਤਕਲੀਫਾਂ ਸੁਣਾਂਗਾ। ਜਲੰਧਰ ਵਿਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਬਰਨਾਲਾ ਦੂਜਾ ਪੜਾਅ ਹੈ। ਵਰਕਰਾਂ ਦੀਆਂ ਦੁੱਖ ਤਕਲੀਫਾਂ ਜਾਣ ਕੇ ਉਨ੍ਹਾਂ ਦਾ ਹੱਲ ਵੀ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਵੀ ਹਾਜ਼ਰ ਸਨ।


Related News