ਸੁਖਬੀਰ ਬਾਦਲ ''ਤੇ ਹੋਏ ਹਮਲੇ ''ਚ ਆਇਆ ਸੁਖਜਿੰਦਰ ਰੰਧਾਵਾ ਦਾ ਨਾਂ, ਦਲਜੀਤ ਚੀਮਾ ਨੇ ਲਗਾਏ ਵੱਡੇ ਦੋਸ਼

Wednesday, Dec 04, 2024 - 01:12 PM (IST)

ਅੰਮ੍ਰਿਤਸਰ (ਵੈੱਬ ਡੈਸਕ): ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਇਸ ਹਮਲੇ ਨੂੰ ਲੈ ਕੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਸ਼ਖ਼ਸ ਦਾ ਭਰਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਹੈ।

ਦਰਅਸਲ, ਇਸ ਮਾਮਲੇ ਵਿਚ ਨਾਰਾਇਣ ਸਿੰਘ ਚੌੜਾ ਨੂੰ ਕਾਬੂ ਕੀਤਾ ਗਿਆ ਹੈ। ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ  ਨਾਰਾਇਣ ਸਿੰਘ ਚੌੜਾ ਡੇਰਾ ਬਾਬਾ ਨਾਨਕ ਹਲਕੇ ਵਿਚ ਸੁਖਜਿੰਦਰ ਸਿੰਘ ਰੰਧਾਵਾ ਦੇ ਚੇਅਰਮੈਨ ਦਾ ਭਰਾ ਹੈ। ਨਾਰਾਇਣ ਸਿੰਘ ਚੌੜਾ ਦਾ ਸੱਕਾ ਭਰਾ ਨਰਿੰਦਰ ਸਿੰਘ ਚੌੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ। ਦਲਜੀਤ ਸਿੰਘ ਚੀਮਾ ਨੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। 

ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਇਸ ਹਮਲੇ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਸਿਰਫ਼ ਹਮਲਾਵਰ ਹੀ ਨਹੀਂ ਸਗੋਂ ਇਸ ਹਮਲੇ ਦੀ ਸਾਜ਼ਿਸ਼ ਰਚਨ ਵਾਲੇ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਚੀਮਾ ਨੇ ਕਿਹਾ ਕਿ ਹਮਲੇ ਮਗਰੋਂ ਇਹ ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਕੱਲ ਵੀ ਇੱਥੇ ਘੁੰਮ ਰਿਹਾ ਸੀ ਤਾਂ ਉਸ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ। 

ਉੱਥੇ ਹੀ ਇਸ ਮਾਮਲੇ ਵਿਚ ਸੁਖਜਿੰਦਰ ਰੰਧਾਵਾ ਨੇ ਅਜਿਹੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਆਖ਼ਿਆ ਕਿ ਉਹ ਚੀਮਾ ਨੂੰ ਇਸ ਬਾਰੇ ਕਾਨੂੰਨੀ ਨੋਟਿਸ ਭੇਜਣਗੇ।
 


Anmol Tagra

Content Editor

Related News