ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ ਨਾਂ ਦਾ ਮੁੱਖ ਮੰਤਰੀ, ਕਿਹਾ-ਕੇਜਰੀਵਾਲ ਚਲਾ ਰਿਹੈ ਸਰਕਾਰ

Tuesday, Aug 02, 2022 - 05:09 PM (IST)

ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ ਨਾਂ ਦਾ ਮੁੱਖ ਮੰਤਰੀ, ਕਿਹਾ-ਕੇਜਰੀਵਾਲ ਚਲਾ ਰਿਹੈ ਸਰਕਾਰ

ਤਪਾ ਮੰਡੀ (ਸ਼ਾਮ, ਗਰਗ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਨਿਸ਼ਾਨਾ ਲਾਇਆ। ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਤੇ ਰਾਘਵ ਚੱਢਾ ਮੈਂਬਰ ਪਾਰਲੀਮੈਂਟ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਿਰਫ ਨਾਂ ਦਾ ਹੀ ਮੁੱਖ ਮੰਤਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਦਰਲੀ ਅਨਾਜ ਮੰਡੀ ’ਚ ਮੂੰਗੀ ਦੀ ਖਰੀਦ ਦਾ ਜਾਇਜ਼ਾ ਲੈਣ ਪੁੱਜੇ ਸੁਖਬੀਰ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਵੱਲੋਂ ਚੰਡੀਗੜ੍ਹ ’ਚ ਬੈਠ ਕੇ ਪੰਜਾਬ ਦਾ ਪੈਸਾ ਦੂਜੇ ਸੂਬਿਆਂ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਵਿਗੜੀ ਹੋਈ ਹੈ ਅਤੇ ਸੂਬੇ ’ਚ ਗੈਂਗਸਟਰਾਂ ਦਾ ਰਾਜ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਸਮੇਤ ਸਾਰੇ ਵਜ਼ੀਰ ਅਨਾੜੀ ਹਨ ਅਤੇ ਵਿਵਾਦਪੂਰਨ ਗੱਲਾਂ ਕਰ ਰਹੇ ਹਨ, ਜਿਸ ਨਾਲ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਕਿਰਕਿਰੀ ਹੋ ਗਈ ਹੈ।  ਉਨ੍ਹਾਂ ਕਿਹਾ ਕਿ ਜੋ ਵਾਅਦੇ ਆਮ ਆਦਮੀ ਪਾਰਟੀ ਨੇ ਚੋਣਾਂ ਜਿੱਤਣ ਸਮੇਂ ਕੀਤੇ ਸਨ, ਉਨ੍ਹਾਂ ’ਚੋਂ ਕੋਈ ਵਾਅਦਾ ਪੂਰਾ ਨਹੀਂ ਹੋਇਆ। ਮੁਫਤ ਬਿਜਲੀ ਵਾਲਾ ਖਜੂਹਾ ਫੇੇਲ੍ਹ ਸਾਬਿਤ ਹੋਇਆ ਹੈ, ਜਿਹੜੀ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਹੈ, ਉਸ ’ਤੇ ਅਨੇਕਾਂ ਸ਼ਰਤਾਂ ਲਾ ਕੇ ਬੇਅਸਰ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ

ਉਨ੍ਹਾਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਵਾਲਾ ਵਾਅਦਾ ਪੂਰਾ ਨਹੀਂ ਹੋਇਆ, ਉਹ ਇਸ ਗਾਰੰਟੀ ਦੀ ਝਾਕ ’ਚ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਹੁਣ ਪਛਤਾਅ ਰਹੀ ਹੈ ਅਤੇ ਲੋਕ ਬਦਲ ਦੀ ਝਾਕ ’ਚ ਬੈਠੇ ਹਨ। ਉਨ੍ਹਾਂ ਕਿਹਾ ਕਿ ਮੂੰਗੀ ’ਤੇ ਐੱਮ. ਐੱਸ. ਪੀ. ਦੇਣ ਦਾ ਵਾਅਦਾ ਵੀ ਪੂਰੀ ਤਰ੍ਹਾਂ ਖੋਖਲਾ ਰਿਹਾ ਹੈ ਅਤੇ ਕਿਸਾਨ ਮੂੰਗੀ ਦੀ ਫਸਲ ਨੂੰ ਲੈ ਕੇ ਖੱਜਲ-ਖੁਆਰ ਹੋ ਰਹੇ ਹਨ ਅਤੇ ਵਪਾਰੀਆਂ ਨੂੰ ਐੱਮ.ਐੱਸ.ਪੀ. ਦੇ ਰੇਟ ਤੋਂ ਕਿਤੇ ਘਟ ਕੇ ਵੇਚਣ ਲਈ ਮਜਬੂਰ ਹੋ ਰਹੇ ਹਨ। ਅਕਾਲੀ ਦਲ ਦੀ ਫੁੱਟ ਸੰਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਕਾਲੀ ’ਚ ਕੋਈ ਫੁੱਟ ਨਹੀਂ ਹੈ। ਇਹ ਇਕ ਮਜ਼ਬੂਤ ਪਾਰਟੀ ਹੈ ਅਤੇ ਅਤੇ ਕਿਸੇ ਵੀ ਪਾਰਟੀ ਦੇ ਗੱਠਜੋੜ ਤੋਂ ਇਕੱਲਾ ਹੀ ਚੋਣਾਂ ਲੜਨ ਦੇ ਸਮਰੱਥ ਹੈ। ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਅਨਾਜ ਮੰਡੀ ਦਾ ਫੜ੍ਹ ਬਹੁਤ ਨੀਵਾਂ ਹੋਣ ਕਾਰਨ ਮੀਂਹ ਦਾ ਪਾਣੀ ਖੜ੍ਹਨ ਕਾਰਨ ਸਾਰੀ ਫਸਲ ਪਾਣੀ ’ਚ ਭਿੱਜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦ ਵੀ ਸੂਬੇ ’ਚ ਕੁਦਰਤੀ ਆਫਤ ਹੁੰਦੀ ਸੀ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਚੰਡੀਗੜ੍ਹ ਬੈਠਣ ਦੀ ਬਜਾਏ ਉਨ੍ਹਾਂ ਪਿੰਡਾਂ ’ਚ ਬੈਠਕੇ ਸਮੱਸਿਆ ਦਾ ਹੱਲ ਕਰਦੇ ਸਨ ਪਰ ਭਗਵੰਤ ਮਾਨ ਸਰਕਾਰ ’ਚ ਲੋਕ ਸਿਹਤ ਸਹੂਲਤਾਂ ਅਤੇ ਪੀਣ ਵਾਲੇ ਪਾਣੀ ਅਤੇ ਹੋਰ ਸਹੂਲਤਾਂ ਤੋਂ ਤਰਸ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਨਸ਼ਾ ਸਮੱਗਲਰਾਂ ਨੂੰ ਲੈ ਕੇ ਵੱਡੀ ਕਾਰਵਾਈ, IG ਗਿੱਲ ਨੇ ਕੀਤੇ ਅਹਿਮ ਖ਼ੁਲਾਸੇ

ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਸ਼ਹਿਰੀ ਪ੍ਰਧਾਨ ਉਗਰਸੈਨ ਮੌੜ ਦੀ ਦੁਕਾਨ ’ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਕਿਸਾਨਾਂ ਨੂੰ ਗਾਰੰਟੀ ਦਿੱਤੀ ਸੀ ਕਿ ਮੂੰਗੀ ਦੀ ਬੀਜਾਂਦ ਕੀਤੀ ਜਾਵੇ, ਮੈਂ ਐੱਮ.ਐੱਸ.ਪੀ. ਦੇਵਾਂਗਾ ਪਰ ਕਿਸਾਨਾਂ ਦੀ ਮੂੰਗੀ ਮੰਡੀਆਂ ਅਤੇ ਖੇਤਾਂ ’ਚ ਰੁਲ ਰਹੀ ਹੈ। ਅੱਜ ਮੰਡੀਆਂ ’ਚ 1800 ਤੋਂ ਲੈ ਕੇ 6 ਹਜ਼ਾਰ ਰੁਪਏ ਤੱਕ ਵਿਕ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਦੋਹਾਂ ਦੇ ਫਰਕ ਦੀ ਰਕਮ ਕਿਸਾਨਾਂ ਨੂੰ ਦਿੱਤੀ ਜਾਵੇ, ਉਨ੍ਹਾਂ ਕਿਹਾ ਕ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਗੰਨੇ ਦਾ ਬਕਾਇਆ ਦੇਣ ’ਚ ਵੀ ਆਨਾਕਾਨੀ ਕਰ ਰਹੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ’ਤੇ ਕੇਂਦਰ ਸਰਕਾਰ ਵੱਲੋਂ ਲਗਾਏ ਜੀ.ਐੱਸ.ਟੀ. ਦੀ ਵੀ ਨਿੰਦਾ ਕੀਤੀ ਅਤੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਟੇਕ ਸਿੰਘ ਧਨੌਲਾ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੋੜ, ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਵਿੱਕੀ, ਬੇਅੰਤ ਮਾਂਗਟ, ਗੁਰਮੀਤ ਸਿੰਘ ਰੋੜ ਸਾਬਕਾ ਕੌਂਸਲਰ, ਰਾਹੁਲ ਭਾਗਾਂ ਵਾਲਾ ਆਦਿ ਵੱਡੀ ਗਿਣਤੀ ’ਚ ਕਿਸਾਨ, ਆੜ੍ਹਤੀਏ, ਮਜ਼ਦੂਰ ਅਤੇ ਪਾਰਟੀ ਵਰਕਰ ਹਾਜ਼ਰ ਸਨ। 
 


author

Manoj

Content Editor

Related News