ਸਿੱਧੂ ਮੂਸੇਵਾਲਾ ਨੂੰ ਲੈ ਕੇ ਸੁਖਬੀਰ ਦਾ ਵੱਡਾ ਬਿਆਨ, ਕਿਹਾ-ਉਸ ਨੂੰ ਡਰਾ ਕੇ ਕਾਂਗਰਸ ''ਚ ਕੀਤਾ ਗਿਆ ਸ਼ਾਮਲ
Sunday, Dec 19, 2021 - 10:34 PM (IST)
ਮਾਨਸਾ-ਅਗਲੇ ਸਾਲ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ 'ਚ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਮਾਨਸਾ 'ਚ ਫਤਿਹ ਰੈਲੀ ਕੀਤੀ ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਸੁਖਬੀਰ ਬਾਦਲ ਨੇ ਇਥੇ ਆਪਣੇ ਦਫ਼ਤਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਬੇਅਦਬੀ 'ਤੇ ਰਾਜਨੀਤੀ ਨਾ ਕਰਨ ਦੀ ਗੱਲ ਕਹੀ। ਉਥੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੇ ਗੈਂਗਸਟਰ ਨਾਲ ਸੰਬੰਧ ਦੱਸਦੇ ਹੋਏ ਕਿਹਾ ਕਿ ਉਸ ਨੂੰ ਕਾਂਗਰਸ ਵੀ ਨਹੀਂ ਬਚਾ ਸਕਦੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਾਪਸ ਜਾਣ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਹੋਏ ਭਾਵੁਕ
ਮਾਨਸਾ 'ਚ ਅਕਾਲੀ ਦਲ ਵੱਲੋਂ ਵਿਧਾਨ ਸਭਾ ਲਈ ਉਮੀਦਵਾਰ ਐਲਾਨ ਕੀਤੇ ਗਏ ਪ੍ਰੇਮ ਕੁਮਾਰ ਅਰੋੜਾ ਦੇ ਪੱਖ 'ਚ ਆਯੋਜਿਤ ਕੀਤੀ ਗਈ ਫਤਿਹ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੀ ਮਾਨਸਾ ਅਤੇ ਤਲਵੰਡੀ ਸਾਬੋ ਦੀਆਂ ਦੋਵੇਂ ਰੈਲੀਆਂ ਇਤਿਹਾਸਕ ਰੈਲੀਆਂ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਕਾਂਗਰਸ, ਆਪ ਅਤੇ ਬਾਕੀ ਸਾਰੇ ਗਠਜੋੜਾਂ ਨੂੰ ਨਕਾਰ ਚੁੱਕੇ ਹਨ ਕਿਉਂਕਿ ਪੂਰਾ ਪੰਜਾਬ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦਾ ਹੈ ਅਤੇ ਆਉਣ ਵਾਲੀਆਂ ਚੋਣਾਂ 'ਚ ਅਕਾਲੀ ਦਲ 85 ਤੋਂ ਜ਼ਿਆਦਾ ਸੀਟਾਂ ਹਾਸਲ ਕਰੇਗਾ। ਦੋ ਦਿਨ 'ਚ ਹੋਈਆਂ ਬੇਅਦਬੀ ਦੀਆਂ ਦੋ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਅਤੇ ਅਜਿਹਾ ਸੋਚਿਆ ਨਹੀਂ ਜਾ ਸਕਦਾ ਜੋ ਕੀਤਾ ਗਿਆ ਹੈ।
ਇਹ ਵੀ ਪੜ੍ਹੋ :ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਰਣਜੀਤ ਸਿੰਘ ’ਤੇ ਅੰਨ੍ਹੇਵਾਹ ਫਾਇਰਿੰਗ, ਗੰਭੀਰ ਜ਼ਖਮੀ
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇਹ ਪਤਾ ਕਰੇ ਕਿ ਇਸ ਸਾਜਿਸ਼ ਦੇ ਪਿਛੇ ਕੌਣ ਹੈ ਅਤੇ ਕੌਣ ਪੰਜਾਬ ਦਾ ਮਹੌਲ ਵਿਗਾੜਨਾ ਚਾਹੁੰਦਾ ਹੈ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਤੇ ਕੋਈ ਰਾਜਨੀਤੀ ਨਾ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਲੱਭਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾ 'ਚ ਕਾਂਗਰਸ ਨੇ ਬੇਅਦਬੀ ਦੇ ਮਾਮਲੇ 'ਤੇ ਸਿਆਸਤ ਤੋਂ ਇਲਾਵਾ ਕੁਝ ਨਹੀਂ ਕੀਤਾ, ਜਿਸ ਕਾਰਨ ਦੋਸ਼ੀ ਫੜ੍ਹੇ ਨਹੀਂ ਗਏ ਅਤੇ ਉਨ੍ਹਾਂ ਨੂੰ ਹੌਂਸਲਾ ਮਿਲ ਗਿਆ। ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੈਂਗਸਟਰਾਂ ਨਾਲ ਸੰਬੰਧ ਸਾਬਤ ਹੋ ਗਏ ਹਨ ਅਤੇ ਉਸ 'ਤੇ 1-2 ਕਤਲ ਦੇ ਕੇਸ ਵੀ ਹਨ ਜਿਸ ਕਾਰਨ ਇਸ ਨੂੰ ਡਰਾ ਕੇ ਕਾਂਗਰਸ 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇਹ ਸੋਚਦਾ ਹੈ ਕਿ ਕਾਂਗਰਸ ਮੈਨੂੰ ਬਚਾ ਲਵੇਗੀ ਪਰ ਨਾ ਕਾਂਗਰਸ ਉਸ ਨੂੰ ਬਚਾ ਸਕੇ ਅਤੇ ਨਾ ਅਸੀਂ। ਸਰਕਾਰ ਆਉਣ 'ਤੇ ਅਸੀਂ ਉਸ ਨੂੰ ਫੜ੍ਹਾਂਗੇ।
ਇਹ ਵੀ ਪੜ੍ਹੋ : ਓਮੀਕ੍ਰੋਨ ਦਾ ਕਹਿਰ ਰੋਕਣ ਲਈ ਬ੍ਰਿਟੇਨ 'ਚ ਲੱਗ ਸਕਦੈ ਲਾਕਡਾਊਨ : ਰਿਪੋਰਟ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।