ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਪੂਰੀ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾ ਸਕਦੇ ਹਨ ਅਰਦਾਸ

Thursday, Dec 12, 2024 - 06:21 PM (IST)

ਸ੍ਰੀ ਮੁਕਤਸਰ ਸਾਹਿਬ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੂੰ ਮਿਲੀ ਧਾਰਮਿਕ ਸਜ਼ਾ ਦੇ 10ਵੇਂ ਦਿਨ ਸੁਖਬੀਰ ਸਿੰਘ ਬਾਦਲ ਅਕਾਲੀ ਆਗੂਆਂ ਸਮੇਤ ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦੇ ਗੁਰਦੁਆਰਾ ਸਾਹਿਬ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਪਹੁੰਚੇ। ਸ੍ਰੀ ਮੁਕਤਸਰ ਵਿਚ ਸਜ਼ਾ ਦੇ ਦੂਜੇ ਦਿਨ ਬਾਦਲ ਨੇ ਸਭ ਤੋਂ ਪਹਿਲਾ ਨੀਲਾ ਚੌਲਾ ਪਹਿਨ ਕੇ ਇਕ ਘੰਟਾ ਗੇਟ 'ਤੇ ਬੈਠ ਕੇ ਸੇਵਾ ਕੀਤੀ। ਇਸ ਉਪਰੰਤ ਇਕ ਘੰਟਾ ਕੀਰਤਨ ਸਰਵਣ ਕੀਤਾ ਅਤੇ ਮਗਰੋਂ ਉਨ੍ਹਾਂ ਨੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਧਾਰਮਿਕ ਸਜ਼ਾ ਅੱਜ ਪੂਰੀ ਹੋ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ਦੀਆਂ ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਉੱਠੀ ਇਹ ਮੰਗ

ਦੱਸਣਯੋਗ ਹੈ ਕਿ ਕੱਲ੍ਹ 13 ਦਸੰਬਰ ਨੂੰ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਪਹੁੰਚ ਕੇ ਅਰਦਾਸ ਕਰਵਾਉਣਗੇ। ਮੁਕਤਸਰ ਵਿਚ ਸੇਵਾ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਸੁਖਬੀਰ ਨੂੰ ਪੂਰੀ ਤਰ੍ਹਾਂ ਘੇਰੇ ਵਿਚ ਲਈ ਰੱਖਿਆ। ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਲਈ ਹਰ ਪਾਸੇ ਸਖ਼ਤ ਪ੍ਰਬੰਧ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਸਾਰੇ ਗੇਟਾਂ 'ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਦੌਰਾਨ ਹੋਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਅਤੇ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਵਿਚ ਬਣੇ ਬਾਥਰੂਮਾਂ ਦੀ ਸਫ਼ਾਈ ਕੀਤੀ।

ਇਹ ਵੀ ਪੜ੍ਹੋ : ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ, ਸਿੱਖਿਆ ਵਿਭਾਗ ਨੇ ਮੰਗ ਲਈ ਰਿਪੋਰਟ


Gurminder Singh

Content Editor

Related News