ਸੁਖਬੀਰ ਬਾਦਲ ਨੇ ਨਕਾਰਿਆ ਕੇਂਦਰੀ ਬਜਟ, ਬੋਲੇ-ਪੰਜਾਬ ਨਾਲ ਪੂਰੀ ਤਰ੍ਹਾਂ ਪੱਖਪਾਤ ਕੀਤਾ ਗਿਆ
Tuesday, Jul 23, 2024 - 06:16 PM (IST)
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵਲੋਂ ਅੱਜ ਪੇਸ਼ ਕੀਤੇ ਗਏ ਕੇਂਦਰੀ ਬਜਟ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਬਜਟ 2024-25 'ਚ ਪੰਜਾਬ ਨਾਲ ਪੂਰੀ ਤਰ੍ਹਾਂ ਪੱਖਪਾਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਜਟ 'ਚ ਪੰਜਾਬ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਅਤੇ ਨਾ ਹੀ ਪੰਜਾਬ ਦੇ ਕਿਸਾਨਾਂ ਲਈ ਲੋੜੀਂਦੀ ਫ਼ਸਲੀ ਵਿਭਿੰਨਤਾ ਜਾਂ ਕਰਜ਼ਾ ਮੁਆਫ਼ੀ ਲਈ ਕੋਈ ਅਲਾਟਮੈਂਟ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਚਿਤਾਵਨੀ ਦੇ ਬਾਵਜੂਦ ਵੀ ਨਹੀਂ ਕੀਤੀ ਜਾ ਰਹੀ ਪਰਵਾਹ
ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਉਦਯੋਗਿਕ ਸੈਕਟਰ ਲਈ ਕੋਈ ਟੈਕਸ ਰਿਆਇਤਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜੋ ਗੁਆਂਢੀ ਪਹਾੜੀ ਸੂਬਿਆਂ ਨੂੰ ਦਿੱਤੀਆਂ ਹੋਈਆਂ ਰਿਆਇਤਾਂ ਕਾਰਨ ਅਪੰਗ ਹੋ ਗਏ ਹਨ। ਇਸ ਦੇ ਨਾਲ ਕੇਂਦਰ ਸਰਕਾਰ ਐੱਮ. ਐੱਸ. ਪੀ. ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰਨ ਅਤੇ ਐੱਮ. ਐੱਸ. ਪੀ. 'ਤੇ ਸਾਰੀਆਂ ਫ਼ਸਲਾਂ ਖ਼ਰੀਦਣ ਲਈ ਫੰਡ ਅਲਾਟ ਕਰਨ 'ਚ ਅਸਫ਼ਲ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰੀ ਬਜਟ 'ਚ ਗਰੀਬਾਂ ਅਤੇ ਜਵਾਨਾਂ ਨੂੰ ਵੀ ਨਜ਼ਰ-ਅੰਦਾਜ਼ ਕੀਤਾ ਗਿਆ ਹੈ ਅਤੇ ਮਨਰੇਗਾ 'ਚ ਕੋਈ ਵਾਧਾ ਨਹੀਂ ਹੋਇਆ। ਆਮਦਨੀ ਦੀ ਅਸਮਾਨਤਾ ਨੂੰ ਦੂਰ ਕਰਨ ਲਈ ਵੀ ਕੁੱਝ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਅਚਾਨਕ ਨਹਿਰ 'ਚ ਡਿੱਗੀ ਕਾਰ, ਵਿੱਚ ਸਵਾਰ ਵਿਅਕਤੀ ਦੀ ਮੌਤ
ਇੱਥੋਂ ਤੱਕ ਕਿ 5000 ਰੁਪਏ ਪ੍ਰਤੀ ਮਹੀਨਾ ਅਪ੍ਰੈਂਟਿਸਸ਼ਿਪ ਸਕੀਮ ਵੀ ਇਕ ਵਿਖਾਵਾ ਹੈ, ਕਿਉਂਕਿ ਨੌਜਵਾਨ ਇਸ ਟੋਕਨ ਰਕਮ ਦਾ ਲਾਭ ਲੈਣ ਲਈ ਵੱਡੀਆਂ ਕੰਪਨੀਆਂ 'ਚ ਦਾਖ਼ਲ ਨਹੀਂ ਹੋ ਸਕਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਦਾ ਬਜਟ ਬਣਾਇਆ ਗਿਆ ਹੈ, ਇਹ ਸਾਬਿਤ ਹੁੰਦਾ ਹੈ ਕਿ ਗਠਜੋੜ ਦੀਆਂ ਮਜਬੂਰੀਆਂ ਕਾਰਨ ਸਰਕਾਰ ਰਾਸ਼ਟਰੀ ਹਿੱਤਾਂ ਨੂੰ ਵੀ ਅਖੋਂ-ਪਰੋਖੇ ਕਰ ਗਈ ਹੈ। ਸਰਕਾਰ ਦਾ ਸਮਰਥਨ ਕਰਨ ਵਾਲੇ ਮੁੱਖ ਸਹਿਯੋਗੀਆਂ ਨੂੰ ਇਕਤਰਫਾ ਤਰੀਕੇ ਨਾਲ ਫੰਡ ਅਲਾਟ ਕੀਤੇ ਗਏ, ਮੁੱਖ ਸੂਬਿਆਂ ਨੂੰ ਫੰਡਾਂ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਇਸ ਸਭ ਦੀ ਸਮੀਖਿਆ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਦੇ ਨਾਤੇ ਇਸ ਢੰਗ ਨਾਲ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8