ਸੁਖਬੀਰ ਬਾਦਲ ਪਹੁੰਚੇ ਨਕੋਦਰ, ਕੱਪੜਾ ਵਪਾਰੀ ਟਿੰਮੀ ਚਾਵਲਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

Tuesday, Dec 13, 2022 - 11:04 PM (IST)

ਸੁਖਬੀਰ ਬਾਦਲ ਪਹੁੰਚੇ ਨਕੋਦਰ, ਕੱਪੜਾ ਵਪਾਰੀ ਟਿੰਮੀ ਚਾਵਲਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਨਕੋਦਰ (ਪਾਲੀ)-ਬੀਤੇ ਦਿਨੀਂ ਨਕੋਦਰ ’ਚ ਗੈਂਗਸਟਰਾਂ ਵੱਲੋਂ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਅਤੇ ਉਸਦੇ ਗੰਨਮੈਨ ਨੂੰ ਸ਼ਰੇਆਮ ਬਾਜ਼ਾਰ ’ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ  ਗਿਆ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਲਕਾ ਨਕੋਦਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪਾਰਟੀ ਵਰਕਰਾਂ ਸਮੇਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਵਿਸ਼ੇਸ਼ ਤੌਰ ’ਤੇ ਨਕੋਦਰ ਪਹੁੰਚੇ। ਮ੍ਰਿਤਕ ਦੇ ਪਿਤਾ ਹਰਮਿੰਦਰ ਸਿੰਘ ਚਾਵਲਾ ਨੇ ਭਰੇ ਮਨ ਨਾਲ ਸੁਖਬੀਰ ਬਾਦਲ ਨੂੰ ਕਿਹਾ ਕਿ ਉਨ੍ਹਾਂ ਨਾਲ ਬਹੁਤ ਧੱਕਾ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਮੁੜ ਸਰਗਰਮ ਹੋਈ ‘ਆਪ’ ਸਰਕਾਰ, ਸ਼ੁਰੂ ਕਰਨ ਜਾ ਰਹੀ ਇਹ ਮੁਹਿੰਮ

ਉਨ੍ਹਾਂ ਦੇ ਹੀਰੇ ਪੁੱਤਰ ਨੂੰ ਗੈਂਗਸਟਰਾਂ ਨੇ ਮਾਰ ਦਿੱਤਾ । ਜੇਕਰ ਪੁਲਸ ਤੇ ਪ੍ਰਸ਼ਾਸਨ ਸਮਾਂ ਰਹਿੰਦੇ ਕਾਰਵਾਈ ਕਰਦੇ ਤਾਂ ਅੱਜ ਉਨ੍ਹਾਂ ਦਾ ਪੁੱਤਰ ਤੇ ਪੁਲਸ ਮੁਲਾਜ਼ਮ ਮਨਦੀਪ ਸਿੰਘ ਜ਼ਿੰਦਾ ਹੋਣਾ ਸੀ। ਇਸ ਦੌਰਾਨ ਮ੍ਰਿਤਕ ਦੀ ਪਤਨੀ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਨ੍ਹਾਂ ਦਾ ਘਰ ਚਲਾਉਣ ਵਾਲਾ ਹੀ ਚਲਾ ਗਿਆ। ਉਨ੍ਹਾਂ ਦੀਆਂ ਦੋ ਛੋਟੀਆਂ ਛੋਟੀਆਂ ਬੱਚੀਆਂ ਹਨ। ਸਾਨੂੰ ਤਾਂ ਇਸ ਗੱਲ ਦਾ ਫਿਕਰ ਹੋ ਰਿਹਾ ਹੈ ਉਨ੍ਹਾਂ ਦਾ ਪਾਲਣ-ਪੋਸ਼ਣ ਕਿਸ ਤਰ੍ਹਾਂ ਕਰਾਂਗੇ । ਉਨ੍ਹਾਂ ਨੇ ਸਰਕਾਰ ਕੋਲੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ ਅਤੇ ਸੁਖਬੀਰ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿਵਾਈ ਜਾਵੇ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਪਤੀ ਅਤੇ ਪੁਲਸ ਮੁਲਾਜ਼ਮ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ । ਸੁਖਬੀਰ ਬਾਦਲ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਜਲਦ ਹੀ ਪੰਜਾਬ ਦੇ ਡੀ. ਜੀ. ਪੀ. ਨੂੰ ਵੀ ਮਿਲਣਗੇ ਅਤੇ ਨਾਲ ਹੀ ਇਸ ਕੇਸ ਦੀ ਹੋਰ ਸਬੰਧਿਤ ਜਾਣਕਾਰੀ ਵੀ ਹਾਸਲ ਕਰਨਗੇ ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਦੀ ਹੁਣ ਖ਼ੈਰ ਨਹੀਂ, CM ਮਾਨ ਨੇ ਦਿੱਤੀ ਚੇਤਾਵਨੀ

ਇਸ ਦੌਰਾਨ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ 37 ਦਿਨ ਲਗਾਤਾਰ ਘੁੱਟ-ਘੁੱਟ ਕੇ ਜੀਅ ਰਿਹਾ ਸੀ, 1 ਨਵੰਬਰ ਨੂੰ ਜਦ ਪਹਿਲੇ ਦਿਨ ਫੋਨ ਆਇਆ ਤਾਂ ਉਨ੍ਹਾਂ ਨੇ ਇਸ ਸਬੰਧ ’ਚ ਨਕੋਦਰ ਪੁਲਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਜ਼ਿਲ੍ਹੇ ਦੇ ਉੱਚ ਪੁਲਸ ਅਧਿਕਾਰੀਆਂ ਨੂੰ ਮਿਲੇ। ਇਸ ਦੌਰਾਨ ਬੇਟੇ ਨੇ ਪੁਲਸ ਨੂੰ ਕਿਹਾ ਕਿ ਉਹ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿਚ ਚਲੇ ਜਾਂਦੇ ਹਨ ਤਾਂ ਪੁਲਸ ਅਧਿਕਾਰੀਆਂ ਨੇ ਵਿਸ਼ਵਾਸ ਦੁਆਇਆ ਕਿ ਉਹ ਧਮਕੀਆਂ ਦੇਣ ਵਾਲੇ ਨੂੰ ਜਲਦ ਕਾਬੂ ਕਰ ਲੈਣਗੇ । ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਇਸ ਦੇ ਬਾਵਜੂਦ 37 ਦਿਨਾਂ ਬਾਅਦ ਸਾਡੇ ਪੁੱਤਰ ਨੂੰ ਦੁਕਾਨ ਦੇ ਬਾਹਰ ਸ਼ਰੇਆਮ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀਆਂ ਭੈਣਾਂ ਨੇ ਵੀ ਪੁਲਸ ’ਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜਦ ਪੁਲਸ ਨੂੰ ਪਤਾ ਸੀ ਕਿ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤਾਂ ਪੁਲਸ ਨੇ ਇਸ ਨੂੰ ਹਲਕੇ ’ਚ ਲਿਆ, ਉਸ ਕਰਕੇ ਇਨ੍ਹਾਂ ਦਾ ਭਰਾ ਅੱਜ ਉਨ੍ਹਾਂ ਵਿਚ ਨਹੀਂ ਹੈ ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ’ਤੇ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਲਈ ਕੁਝ ਕਰਨਗੇ । ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਬਲਵਿੰਦਰ ਸਿੰਘ ਆਲੇਵਾਲੀ, ਸਾਜਨ ਕਪੂਰ ਸ਼ਹਿਰੀ ਪ੍ਰਧਾਨ, ਰਮੇਸ਼ ਸੋਂਧੀ, ਮਨੋਹਰ ਸਿੰਘ ਬੈਂਸ, ਅਮਰਜੀਤ ਸਿੰਘ, ਵਿਨੋਦ ਮਿਸਰ, ਹਰਭਜਨ ਸਿੰਘ ਹੁੰਦਲ, ਅਮਿਤ ਕੁਮਾਰ ਖੋਸਲਾ, ਹਰਜਿੰਦਰ ਸਿੰਘ ਕਾਲੜਾ ਆਦਿ ਤੋਂ ਇਲਾਵਾ ਹੋਰ ਪਾਰਟੀ ਵਰਕਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।


author

Manoj

Content Editor

Related News