ਮੁੱਖ ਮੰਤਰੀ ਚਿਹਰਾ ਬਣਨ ਮਗਰੋਂ CM ਚੰਨੀ ’ਤੇ ਸੁਖਬੀਰ ਬਾਦਲ ਨੇ ਕੀਤਾ ਵੱਡਾ ਸ਼ਬਦੀ ਹਮਲਾ
Sunday, Feb 06, 2022 - 07:12 PM (IST)
ਪਟਿਆਲਾ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਨਾਮਜ਼ਦਗੀ ਰੇਤ ਮਾਫੀਆ ਦੀ ਜਿੱਤ ਹੈ। ਅਕਾਲੀ ਦਲ ਦੇ ਪ੍ਰਧਾਨ, ਜੋ ਪਾਰਟੀ ਦੇ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ 'ਚ ਪ੍ਰਚਾਰ ਕਰਨ ਇੱਥੇ ਆਏ ਸਨ, ਨੇ ਕਿਹਾ ਕਿ ਇਹ ਹੈਰਾਨੀ ਵਾਲੀ ਪਰ ਸੱਚੀ ਗੱਲ ਹੈ ਕਿ ਰੇਤ ਮਾਫੀਆ ਨੇ ਹੀ ਕਾਂਗਰਸ ਹਾਈ ਕਮਾਂਡ ਨੁੰ ਰਾਜ਼ੀ ਕੀਤਾ ਹੈ ਅਤੇ ਆਪਣੀ ਉਮੀਦਵਾਰ ਪਾਰਟੀ ਸਿਰ ਮੜ੍ਹਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਸਮਝ ਲਿਆ ਹੈ ਤੇ ਉਹ ਇਹ ਵੀ ਸਮਝ ਗਏ ਹਨ ਕਿ ਇਸ ਨਾਮਜ਼ਦਗੀ ਦਾ ਮਕਸਦ ਪੰਜਾਬ 'ਚ ਲੁੱਟ ਤੇ ਭ੍ਰਿਸ਼ਟਾਚਾਰ ਨੁੰ ਮਜ਼ਬੂਤ ਕਰਨਾ ਹੈ।
ਇਹ ਵੀ ਪੜ੍ਹੋ : CM ਚੰਨੀ ਨੇ ਭਾਜਪਾ ਤੇ ‘ਆਪ’ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਕੀਤਾ ਵੱਡਾ ਦਾਅਵਾ
ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਨੂੰ 20 ਫਰਵਰੀ ਨੁੰ ਇਸਦਾ ਕਰਾਰਾ ਜਵਾਬ ਦੇਣਗੇ। ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲਾਂ ਦੌਰਾਨ ਪੰਜਾਬ ਦੇ ਪਤਨ ਦੀ ਪ੍ਰਧਾਨਗੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਇਕ ਵੀ ਵਿਕਾਸ ਕਾਰਜ ਜਾਂ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਹੀਂ ਆਰੰਭਿਆ। ਉਨ੍ਹਾਂ ਨੇ ਆਪਣਾ ਹਲਕਾ ਜਿਸਨੇ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿੱਤਾ ਕੇ ਭੇਜਿਆ ਸੀ, ਉਸ ਨੂੰ ਵੀ ਛੱਡ ਦਿੱਤਾ। ਉਨ੍ਹਾਂ ਨੇ ਇੱਥੇ ਆ ਕੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰਨ ਦੀ ਕਦੇ ਪਰਵਾਹ ਨਹੀਂ ਕੀਤੀ ਤੇ ਨਾ ਹੀ ਇਕ ਵਾਰ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਂ ਉਨ੍ਹਾਂ ਦਾ ਨਿਪਟਾਰਾ ਕੀਤਾ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਵੀ ਉਸੇ ਤਰੀਕੇ ਪੰਜਾਬੀਆਂ ਨੂੰ ਧੋਖਾ ਦੇਣਾ ਚਾਹੁੰਦੇ ਹਨ । ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੁੰ ਬਦਲਾਅ ਦੀ ਗੱਲ ਕਰਨ ਦਾ ਚਾਅ ਹੈ ਤੇ ਉਹ ਦਿੱਲੀ ਮਾਡਲ ਦੇ ਸਿਰ ’ਤੇ ਖੱਟਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : SAD ਦੇ ਉਮੀਦਵਾਰ ਗੁਰਪ੍ਰੀਤ ਰਾਜੂ ਖੰਨਾ ਨੇ ਖੇਤੀਬਾੜੀ ਮੰਤਰੀ ਰਣਦੀਪ ਨਾਭਾ ਨੂੰ ਦਿੱਤੀ ਵੱਡੀ ਚੁਣੌਤੀ (ਵੀਡੀਓ)
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦਿੱਲੀ ਮਾਡਲ ਦਾ ਅਧਿਐਨ ਕਰਾਂਗੇ ਤਾਂ ਸਾਨੂੰ ਮਹਿਸੂਸ ਹੋਵੇਗਾ ਕਿ ਇਸ ਵਿਚ ਕਿਸਾਨਾਂ ਲਈ ਮੁਫਤ ਬਿਜਲੀ ਜਾਂ ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ ਜਾਂ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਦਿੱਲੀ ਤੇ ਹਰਿਆਣਾ ਲਈ ਪਾਣੀ ਮੰਗਿਆ। ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਪਹੁੰਚ ਕਰ ਕੇ ਪੰਜਾਬ ਦੇ ਚਾਰੋਂ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕੀਤੀ ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ। ਉਹਨਾ ਕਿਹਾ ਕਿ ਪੰਜਾਬੀ ਕਦੇ ਵੀ ਅਜਿਹੇ ਬੰਦੇ ’ਤੇ ਭਰੋਸਾ ਨਹੀਂ ਕਰਨਗੇ ਅਤੇ ਆਪਣਾ ਭਵਿੱਖ ਇਸਦੇ ਹੱਥ ਨਹੀਂ ਦੇਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।