ਭਾਰੀ ਮੀਂਹ ਨਾਲ ਲੋਕਾਂ ਦੇ ਨੁਕਸਾਨੇ ਘਰਾਂ ਤੇ ਕਿਸਾਨਾਂ ਸਬੰਧੀ ਸੁਖਬੀਰ ਬਾਦਲ ਨੇ ਸਰਕਾਰ ਤੋਂ ਕੀਤੀ ਇਹ ਮੰਗ

Monday, Jul 10, 2023 - 02:23 AM (IST)

ਭਾਰੀ ਮੀਂਹ ਨਾਲ ਲੋਕਾਂ ਦੇ ਨੁਕਸਾਨੇ ਘਰਾਂ ਤੇ ਕਿਸਾਨਾਂ ਸਬੰਧੀ ਸੁਖਬੀਰ ਬਾਦਲ ਨੇ ਸਰਕਾਰ ਤੋਂ ਕੀਤੀ ਇਹ ਮੰਗ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ, ਉਨ੍ਹਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਨੇ ਉਨ੍ਹਾਂ ਕਿਸਾਨਾਂ ਲਈ ਵੀ 25 ਹਜ਼ਾਰ ਰੁਪਏ ਪ੍ਰਤੀ ਏਕੜ ਐਡਵਾਂਸ ਮੁਆਵਜ਼ੇ ਦੀ ਮੰਗ ਕੀਤੀ, ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਵਾਸਤੇ ਗਿਰਦਾਵਰੀ ਕਰਵਾਈ ਜਾਵੇ। ਭਾਰੀ ਬਰਸਾਤ ਦੇ ਕਾਰਨ ਲੋਕਾਂ ਦੀ ਹੋਈ ਤਬਾਹੀ ’ਤੇ ਅਫਸੋਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਸੁੱਤੀ ਰਹਿ ਗਈ ਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਵਿਜੀਲੈਂਸ ਨੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੂੰ ਕੀਤਾ ਗ੍ਰਿਫ਼ਤਾਰ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਾਲੀ, ਰੋਪੜ, ਅਨੰਦਪੁਰ ਸਾਹਿਬ, ਪ‌ਟਿਆਲਾ, ਸੰਗਰੂਰ, ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਤੋਂ ਵੱਡੇ ਨੁਕਸਾਨ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਹਜ਼ਾਰਾਂ ਏਕੜ ਵਿਚ ਫਸਲ ਵੀ ਡੁੱਬ ਗਈ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਲਾਈ ਝੋਨੇ ਦੀ ਫਸਲ ਅਤੇ ਸਬਜ਼ੀਆਂ ਦੀ ਫਸਲ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ, ਰੋਪੜ ਤੇ ਅਨੰਦਪੁਰ ਸਾਹਿਬ ਵਿਚ ਘਰਾਂ ਵਿਚ ਪਾਣੀ ਵੜਨ ਕਾਰਨ ਸੈਂਕੜੇ ਲੋਕਾਂ ਨੂੰ ਰਾਤਾਂ ਸੜਕਾਂ ’ਤੇ ਗੁਜ਼ਾਰਨੀਆਂ ਪੈ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਭਾਰੀ ਬਰਸਾਤ ਦੌਰਾਨ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪੈ ਗਿਆ ਚੀਕ-ਚਿਹਾੜਾ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਸੜਕਾਂ ’ਤੇ ਠਹਿਰੇ ਲੋਕਾਂ ਨੂੰ ਲੰਗਰ ਪ੍ਰਦਾਨ ਕਰ ਕੇ ਚੰਗਾ ਕਾਰਜ ਕੀਤਾ ਹੈ ਪਰ ਹਾਲੇ ਤੱਕ ਸਿਵਲ ਪ੍ਰਸ਼ਾਸਨ ਇਹਨਾਂ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਤੁਰੰਤ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਇਨ੍ਹਾਂ ਹਾਲਾਤ ਨੂੰ ਕੁਦਰਤੀ ਆਫਤ ਐਲਾਨਣ ਦੀ ਮੰਗ ਕਰਨੀ ਚਾਹੀਦੀ ਹੈ, ਜਿਸ ਦੀ ਬਦੌਲਤ ਕੌਮੀ ਆਫਤ ਪ੍ਰਬੰਧਨ ਫੰਡ ’ਚੋਂ ਇਹ ਫੰਡ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁਸੀਬਤਾਂ ਵਿਚ ਫਸੇ ਲੋਕਾਂ ਦੀ ਮਦਦ ਵਾਸਤੇ ਕੋਈ ਐਮਰਜੰਸੀ ਨੰਬਰ ਜਾਰੀ ਨਹੀਂ ਕੀਤੇ ਗਏ ਜੋ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹੜ੍ਹਾਂ ਨਾਲ ਪ੍ਰਭਾਵਤ ਪਿੰਡਾਂ ਵਿਚ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਭੇਜਣ ਦਾ ਪ੍ਰਬੰਧਨ ਕੀਤਾ ਜਾਵੇ ਅਤੇ ਨਾਲ ਹੀ ਬੀਮਾਰੀ ਦੇ ਪਸਾਰ ਨੂੰ ਰੋਕਣ ਵਾਸਤੇ ਮੈਡੀਕਲ ਟੀਮਾਂ ਲਗਾਈਆਂ ਜਾਣ।

ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਵੱਲੋਂ ਢੁੱਕਵੀਂਆਂ ਡਰੇਨੇਜ ਸਹੂਲਤਾਂ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਕਾਰਨ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਹੀ ਪਤਾ ਚੱਲਦਾ ਹੈ ਕਿ ਕਿੰਨਾ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਉਨ੍ਹਾਂ ਨੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਫਲੱਡ ਕੰਟਰੋਲ ਰੂਮ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਤੇ ਹੈਲਪ ਲਾਈਨਾਂ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਲੋਕ ਤੁਰੰਤ ਐਮਰਜੰਸੀ ਦੇ ਹਾਲਾਤਾਂ ਵਿਚ ਅਧਿਕਾਰੀਆਂ ਨਾਲ ਸੰਪਰਕ ਕਰ ਸਕਣ। ਬਾਦਲ ਨੇ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਨੇ ਲੰਗਰ ਸੇਵਾ ਆਰੰਭ ਕੀਤੀ ਹੈ, ਉਥੇ ਹੀ ਯੂਥ ਅਕਾਲੀ ਦਲ ਨੂੰ ਮੁਸੀਬਤ ਮਾਰੇ ਲੋਕਾਂ ਦੀ ਤੁਰੰਤ ਮਦਦ ਕਰਨ ਵਾਸਤੇ ਆਖਿਆ ਗਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਕਜਰ ਪਹਿਲਾਂ ਹੀ ਹੜ੍ਹ ਮਾਰੇ ਇਲਾਕਿਆਂ ਵਿਚ ਹਨ ਤੇ ਉਨ੍ਹਾਂ ਅਕਾਲੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਮੁਸੀਬਤ ਮਾਰੇ ਲੋਕਾਂ ਦੀ ਮਦਦ ਵਾਸਤੇ ਨਿਤਰਣ।


author

Manoj

Content Editor

Related News