ਸੁਖਬੀਰ ਬਾਦਲ ਨੇ ਪੰਜਾਬ ਦੇ ਵਿਰਾਸਤੀ ਥੰਮ ਨੂੰ ਕਾਲੇ ਭਵਿੱਖ ਤੋਂ ਬਚਾਉਣ ਲਈ ਪੂਰੀ ਗਰਾਂਟ ਦੇਣ ਦੀ ਕੀਤੀ ਮੰਗ
Wednesday, Mar 15, 2023 - 12:56 PM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਲਾਨਾ ਬਜਟ ਵਧਾਉਣ ਦੀ ਥਾਂ 200 ਕਰੋੜ ਰੁਪਏ ਤੋਂ ਘਟਾ ਕੇ 164 ਕਰੋੜ ਰੁਪਏ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਆਪ’ ਹੁਣ ਇਸ ਫੈਸਲੇ ਤੋਂ ਬਾਅਦ ਉਪਜੇ ਰੋਹ ਨੂੰ ਠੰਢਾ ਕਰਨ ਵਾਸਤੇ ਇਸ ਵੰਡ ਦੀ ਮੁੜ ਸਮੀਖਿਆ ਦਾ ਇਕ ਹੋਰ ਝੂਠਾ ਵਾਅਦਾ ਕਰ ਰਹੀ ਹੈ। ਬਾਦਲ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਭਵਿੱਖ ਧੁੰਦਲਾ ਹੈ। ਉਨ੍ਹਾਂ ਮੰਗ ਕੀਤੀ ਕਿ ਬਜਟ ਵਿਚ ਇਸ ਲਈ ਗਰਾਂਟ 300 ਕਰੋੜ ਰੁਪਏ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ’ਤੇ ਪਹਿਲਾਂ ਹੀ 150 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਉਹ ਸਮੇਂ ਸਿਰ ਤਨਖਾਹਾਂ ਦੇਣ ਦੇ ਹਾਲਾਤ ’ਚ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਆਖਿਆ ਕਿ ਉਹ ਯੂਨੀਵਰਸਿਟੀ ਦਾ ਬਜਟ ਵਧਾ ਕੇ 360 ਕਰੋੜ ਰੁਪਏ ਕਰਨ ਦੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਬੇਨਤੀ ਸਵੀਕਾਰ ਕਰੇ।
ਇਹ ਵੀ ਪੜ੍ਹੋ : ਚੀਨ ਨੇ 200 ਦੇਸ਼ਾਂ ਨੂੰ ਕੋਰੋਨਾ ਵਾਇਰਸ ਦਿੱਤਾ, ਭਾਰਤ ਨੇ ਵੈਕਸੀਨ ਦਿੱਤੀ : ਅੰਬੈਸਡਰ ਦੀਪਕ ਵੋਹਰਾ
ਉਨ੍ਹਾਂ ਕਿਹਾ ਕਿ ‘ਆਪ’ ਦਿੱਲੀ ਮਾਡਲ ਦੇ ਸਿੱਖਿਆ ਅਤੇ ਸਿਹਤ ਮਾਡਲ ਦਾ ਗੁਣਗਾਣ ਕਰਦੀ ਨਹੀਂ ਥੱਕਦੀ ਤੇ ਇਨ੍ਹਾਂ ਦੋ ਸੈਕਟਰਾਂ ਨੂੰ ਤਰਜੀਹੀ ਖੇਤਰ ਬਣਾਉਣ ਦੀ ਗੱਲ ਕਰਦੀ ਹੈ। ਜਿਸ ਤਰੀਕੇ ‘ਆਪ’ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ਵਿਚ ਕਟੌਤੀ ਕੀਤੀ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਦਾ ਸਿੱਖਿਆ ਖੇਤਰ ਵਿਚ ਸੁਧਾਰ ਕਰਨ ਦਾ ਕੋਈ ਇਰਾਦਾ ਨਹੀਂ ਤੇ ਇਹ ਸਿਰਫ ਡਰਾਮੇਬਾਜੀ ਵਿਚ ਵਿਸ਼ਵਾਸ ਰੱਖਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਬਜਟ ਵਿਚ ਵੰਡ ਵਧਾਉਣ ਦੇ ਦਿੱਤੇ ਭਰੋਸੇ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਵੰਡ ਵਿਚ ਵਾਧਾ ਹੀ ਕਰਨਾ ਸੀ ਤਾਂ ਫਿਰ ਬਜਟ ਪੇਸ਼ ਕਰਨ ਦੇ ਤੁਰੰਤ ਬਾਅਦ ਹੀ ਕਰ ਦੇਣਾ ਸੀ, ਇਨ੍ਹਾਂ ਨੂੰ ਬਜਟ ਵਿਚ ਹੀ ਵੱਧ ਫੰਡ ਦੇਣ ਤੋਂ ਕਿਸਨੇ ਰੋਕਿਆ ਸੀ ?
ਇਹ ਵੀ ਪੜ੍ਹੋ : ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਨਹੀਂ ਲੁਆ ਪਾ ਰਹੀ ਸ਼ਹਿਰ ਦੇ ਇਸ਼ਤਿਹਾਰਾਂ ਦੇ ਟੈਂਡਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।