58 ਸਾਲਾਂ ਦੇ ਹੋਏ ਸੁਖਬੀਰ ਬਾਦਲ, ਜਾਣੋ ਹੁਣ ਤੱਕ ਦਾ ਸਿਆਸੀ ਸਫ਼ਰ

Thursday, Jul 09, 2020 - 06:14 PM (IST)

58 ਸਾਲਾਂ ਦੇ ਹੋਏ ਸੁਖਬੀਰ ਬਾਦਲ, ਜਾਣੋ ਹੁਣ ਤੱਕ ਦਾ ਸਿਆਸੀ ਸਫ਼ਰ

ਜਲੰਧਰ/ ਚੰਡੀਗੜ੍ਹ: ਸ. ਸੁਖਬੀਰ ਬਾਦਲ 9 ਜੁਲਾਈ (ਭਾਵ ਅੱਜ) 59ਵੇਂ ਸਾਲ 'ਚ ਪੈਰ ਧਰ ਚੁੱਕੇ ਹਨ। ਉਨ੍ਹਾਂ ਦਾ ਜਨਮ 9 ਜੁਲਾਈ 1962 ਨੂੰ ਹੋਇਆ। ਇਸ ਮੌਕੇ ਉਨ੍ਹਾਂ ਨੂੰ ਚਾਹੁਣ ਵਾਲੇ ਪੰਜਾਬੀਆਂ ਨੇ ਉਨ੍ਹਾਂ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ਹਨ।ਸੁਖਬੀਰ ਸਿੰਘ ਬਾਦਲ ਲਾਰੈਂਸ ਸਕੂਲ ਸਨਾਵਰ 'ਚ ਪੜ੍ਹੇ ਅਤੇ ਉਨ੍ਹਾਂ ਐੱਮ.ਏ. ਇਕਨਾਮਿਕਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਪਿੱਛੋਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਲਾਸ ਏਂਜਲਸ ਤੋਂ ਐੱਮ.ਬੀ.ਏ. ਦੀ ਪੜ੍ਹਾਈ ਮੁਕੰਮਲ ਕੀਤੀ। ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਦਰਵੇਸ਼ ਸਿਆਸਦਾਨ ਸ. ਪ੍ਰਕਾਸ਼ ਸਿੰਘ ਬਾਦਲ ਦੇ ਫਰਜੰਦ ਹਨ। ਸਿਆਸਤ ਉਨ੍ਹਾਂ ਨੂੰ ਵਿਰਸੇ 'ਚੋਂ ਮਿਲੀ ਹੈ, ਜਿਨ੍ਹਾਂ ਨੂੰ ਉਨ੍ਹਾਂ ਹੋਰ ਅੱਗੇ ਵਧਾਇਆ ਹੈ। ਸਭ ਤੋਂ ਛੋਟੀ ਉਮਰ 'ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦਾ ਸੁਭਾਗ ਵੀ ਸੁਖਬੀਰ ਬਾਦਲ ਨੂੰ ਹੀ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: ਬੇਅਦਬੀ ਕਾਂਡ: ਡੇਰਾ ਸੱਚਾ ਸੌਦਾ ਦੇ ਤਿੰਨ ਮੈਂਬਰਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ

ਨਰਮ ਸੁਭਾਅ ਅਤੇ ਦਿਲ ਦਰਿਆ ਤਬੀਅਤ ਦੇ ਮਾਲਕ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ 'ਚ ਉਦੋਂ ਚਮਕੇ ਜਦੋਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਪਾਰੀ 2002 ਵੇਲੇ ਅਕਾਲੀ ਲੀਡਰਾਂ ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਖੁਦ ਸੁਖਬੀਰ, ਮਰਹੂਮ ਨੇਤਾ ਅਜੀਤ ਸਿੰਘ ਕੋਹਾੜ, ਜਥੇਦਾਰ ਤੋਤਾ ਸਿੰਘ ਅਤੇ ਹੋਰ ਸੈਂਕੜੇ ਆਗੂਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਅਕਾਲੀ ਦਲ ਨੂੰ ਅਸਿੱਧੇ ਤੌਰ 'ਤੇ ਖਤਮ ਕਰਨ ਦੀ ਕੋਝੀ ਹਰਕਤ ਕੀਤੀ। ਸੁਖਬੀਰ ਬਾਦਲ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਾਲ ਦਸਤੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਸਨ ਅਤੇ ਉਨ੍ਹਾਂ ਕੈਪਟਨ ਸਰਕਾਰ ਨਾਲ ਸਿੱਧੀ ਟੱਕਰ ਲਈ ਅਤੇ ਯੂਥ ਅਕਾਲੀ ਦਲ ਨੂੰ ਇੰਨਾ ਤਾਕਤਵਰ ਬਣਾਇਆ ਕਿ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹ ਗਿਆ ਅਤੇ ਅੱਗੇ ਹੋ ਕੇ ਲੜਾਈ ਲੜੀ। ਸੁਖਬੀਰ ਬਾਦਲ ਵਲੋਂ ਬਣਾਈ ਗਈ ਰਣਨੀਤੀ ਅਤੇ ਚੁੱਕੇ ਗਏ ਦਲੇਰਾਨਾ ਕਦਮਾਂ ਅੱਗੇ 2007 ਦੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨ ਸਰਕਾਰ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲ ਦਲ ਭਾਜਪਾ ਗਠਜੋੜ ਦੀ ਸਰਕਾਰ ਸੂਬੇ 'ਚ ਬਣੀ।

ਇਹ ਵੀ ਪੜ੍ਹੋ: ਦਾਜ ਲਈ ਪਤੀ ਨੇ ਪਤਨੀ ਨੂੰ ਬਣਾ ਕੇ ਰੱਖਿਆ 'ਜਾਨਵਰ', ਕੀਤਾ ਗੈਰਕੁਦਰਤੀ ਸੰਭੋਗ

ਸੁਖਬੀਰ ਸਿੰਘ ਬਾਦਲ 11ਵੀਂ ਅਤੇ 12ਵੀਂ  ਲੋਕ ਸਭਾ ਲਈ ਫਰੀਦਕੋਟ ਹਲਕੇ ਤੋਂ ਚੁਣੇ ਗਏ ਅਤੇ ਵਾਜਪਾਈ ਦੀ ਅਗਵਾਈ 'ਚ ਦੂਜੀ ਵਾਰ ਬਣੀ ਐੱਨ.ਡੀ.ਏ. ਸਰਕਾਰ 'ਚ ਕੇਂਦਰੀ ਸਨਅਤ ਰਾਜ ਮੰਤਰੀ ਬਣੇ। ਇਸ ਪਿੱਛੋਂ 2001 ਅਤੇ 2004 ਤੱਕ ਉਹ ਰਾਜ ਸਭਾ ਦੇ ਮੈਂਬਰ ਬਣੇ ਅਤੇ 2004 'ਚ 14ਵੀਂ ਲੋਕ ਸਭਾ ਲਈ ਉਹ ਮੁੜ ਫਰੀਦਕੋਟ ਹਲਕੇ ਤੋਂ ਐੱਮ.ਪੀ. ਚੁਣੇ ਗਏ। ਸੁਖਬੀਰ ਸਿੰਘ ਬਾਦਲ ਜਨਵਰੀ 2008 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ। ਉਨ੍ਹਾਂ ਸਭ ਤੋਂ ਪਹਿਲਾ ਕੰਮ ਪਾਰਟੀ ਦਾ ਮੁੱਖ ਦਫਤਰ ਚੰਡੀਗੜ੍ਹ 'ਚ ਸਥਾਪਤ ਕੀਤਾ ਅਤੇ ਉਨ੍ਹਾਂ ਦੀ ਅਗਵਾਈ 'ਚ ਪਾਰਟੀ ਨੇ ਦਿੱਲੀ, ਹਰਿਆਣਾ ਅਤੇ ਉੱਤਰਾਖੰਡ ਆਦਿ ਸੂਬਿਆਂ 'ਚ ਵੀ ਪੈਰ ਪਸਾਰੇ। ਇਕ ਸਾਲ ਤੋਂ ਬਾਅਦ ਜਨਵਰੀ 2009 ਨੂੰ ਉਹ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਬਣੇ ਪਰ ਹਾਊਸ ਦੇ ਮੈਂਬਰ ਨਾ ਬਣਨ ਕਰਕੇ ਉਨ੍ਹਾਂ 6 ਮਹੀਨਿਆਂ ਮਗਰੋਂ ਜੁਲਾਈ 'ਚ ਅਸਤੀਫਾ ਦੇ ਦਿੱਤਾ।ਅਗਸਤ 2009 'ਚ ਉਹ ਜਲਾਲਾਬਾਦ ਹਲਕੇ ਤੋਂ ਉੱਪ ਚੋਣ 80 ਹਜ਼ਾਰ ਵੋਟਾਂ ਨਾਲ ਜਿੱਤੇ ਕੇ ਮੁੜ ਸੂਬੇ ਦੇ ਡਿਪਟੀ ਮੁੱਖ ਮੰਤਰੀ ਬਣੇ ਅਤੇ ਮਾਰਚ 2017 ਤੱਕ ਇਸ ਅਹੁਦੇ 'ਤੇ ਲਗਾਤਾਰ ਸਾਢੇ 7 ਸਾਲ ਤੋਂ ਵੱਧ ਸਮਾਂ ਰਹੇ।

ਸੁਖਬੀਰ ਸਿੰਘ ਬਾਦਲ ਦੀ ਵਿਉਂਤਬੰਦੀ ਸਦਕਾ ਹੀ 2012 'ਚ ਅਕਾਲੀ ਭਾਜਪਾ ਦੀ ਸਰਕਾਰ ਬਣੀ। 5 ਸਾਲਾਂ 'ਚ ਇਸ ਸਰਕਾਰ ਨੇ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸੁਖਬੀਰ ਸਿੰਘ ਬਾਦਲ ਨੇ ਵਿਕਾਸ ਕੰਮਾਂ ਨੂੰ ਲੋਕ ਮੁੜ ਯਾਦ ਕਰਨ ਲੱਗ ਪਏ ਹਨ। 2019 ਦੀਆਂ ਲੋਕ ਸਭਾ ਚੋਣਾਂ ਸਮੇਂ ਪਾਰਟੀ ਨੇ ਸੁਖਬੀਰ ਸਿੰਘ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਬੁਰੀ ਤਰ੍ਹਾਂ ਮਧੋਲਿਆ ਅਤੇ 6 ਲੱਖ ਤੋਂ ਵੱਧ ਵੋਟਾਂ ਹਾਸਲ ਕਰਕੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਪੰਜਾਬ 'ਚ ਵੋਟ ਪ੍ਰਤੀਸ਼ਤ 'ਚ ਵਾਧਾ ਕਰਦਿਆਂ 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਦਾ ਮੁੱਢ ਬੰਨ੍ਹ ਦਿੱਤਾ। ਸੁਖਬੀਰ ਬਾਦਲ ਨੂੰ ਭਾਵੇਂ ਕੁੱਝ ਪੁਰਾਣੇ ਲੀਡਰਾਂ ਨੇ ਚੁਣੌਤੀ ਦਿੱਤੀ ਪਰ ਉਨ੍ਹਾਂ ਇਸ ਚੁਣੌਤੀ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਦਾ ਬੀੜਾ ਚੁੱਕਿਆ, ਜਿਸ ਸਦਕਾ ਸਿਰਫ ਇਕਾ-ਦੁੱਕਾ ਉਨ੍ਹਾਂ ਲੀਡਰਾਂ ਜਿਨ੍ਹਾਂ ਦੀ ਨਾ ਤਾਂ ਪਾਰਟੀ 'ਚ ਕੋਈ ਹੋਂਦ ਸੀ ਤੇ ਨਾ ਹੀ ਲੋਕਾਂ 'ਚ, ਉਹ ਪਾਰਟੀ ਛੱਡ ਗਏ। ਸੁਖਬੀਰ ਬਾਦਲ ਹੁਣ, ਜਿਸ ਵਿਧਾਨ ਸਭਾ ਹਲਕੇ 'ਚ ਜਾਂਦੇ ਹਨ, ਉੱਥੇ ਲੋਕਾਂ ਦਾ ਝੁਰਮਟ ਲੱਗ ਜਾਂਦਾ ਹੈ ਅਤੇ ਬਾਵਜੂਦ ਕੋਰੋਨਾ ਦੀ ਨਾਮੁਰਾਦ ਬੀਮਾਰੀ ਦੇ ਇਕੱਠ ਵੱਡਾ ਹੋ ਜਾਂਦਾ ਹੈ। ਪੰਜਾਬ ਦੇ ਵਿਕਾਸ ਕੰਮਾਂ ਦੇ ਰਚੇਤਾ ਨੂੰ ਲੋਕ ਯਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਉਨ੍ਹਾਂ ਦੀ ਅਗਵਾਈ 'ਚ 2022 'ਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਮੁੜ ਬਣੇਗੀ।


author

Shyna

Content Editor

Related News