ਸੁਖਬੀਰ ਬਾਦਲ ਵਲੋਂ ਪੰਥ ਤੋਂ ਮੰਗੀ ਗਈ ਮੁਆਫ਼ੀ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
Friday, Dec 15, 2023 - 06:37 PM (IST)
ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਅੱਜ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਸਰਕਾਰ ਮੌਕੇ ਹੋਈਆਂ ਬੇਅਦਬੀਆਂ ਅਤੇ ਹੋਰ ਗਲ਼ਤੀਆਂ ਲਈ ਮੁਆਫੀ ਮੰਗਣ ਦਾ ਲੰਬਾ-ਚੌੜਾ ਬਿਆਨ ਆਇਆ ਹੈ, ਅਸਲ ਅਰਥਾਂ ਵਿਚ ਉਹ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਗੁਨਾਹਾਂ ਦੀ ਬੇਅਦਬੀ ਦੀ ਸਰਸੇ ਸਾਧ ਨੂੰ ਮੁਆਫੀ ਅਤੇ ਹੋਰ ਕਾਰਜਾਂ ਬਾਰੇ ਸੁਖਬੀਰ ਬਾਦਲ ਨੂੰ ਮੁਆਫੀ ਮੰਗਣੀ ਸੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖਦੇ ਅਤੇ ਉਨ੍ਹਾਂ ਦੇ ਸੱਦੇ ’ਤੇ ਸਨਮੁੱਖ ਹੋ ਕੇ ਮੁਆਫ਼ੀ ਮੰਗਦੇ ਅਤੇ ਜਥੇਦਾਰਾਂ ਵੱਲੋਂ ਉਨ੍ਹਾਂ ਨੂੰ ਮੁਆਫੀ ਜਾਂ ਤਨਖਾਹੀਆ ਕਰਾਰ ਦਿੰਦੇ ਤਾਂ ਸਿੱਖ ਹਿਰਦਿਆਂ ਵਿਚ ਫੈਲਿਆ ਰੋਸ ਦੂਰ ਹੋ ਜਾਂਦਾ ਪਰ ਸੁਖਬੀਰ ਬਾਦਲ ਨੇ ਉੱਥੇ ਵੀ ਚਲਾਕੀ ਕਰਕੇ ਪਾਰਟੀ ਦੇ ਸਥਾਪਨਾ ਦਿਵਸ ’ਤੇ ਆਪਣੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਅਕਾਲੀ ਦਲ ਦੀਆਂ ਕੁਰਬਾਨੀਆਂ ਗਿਣਾਉਣ ਦੇ ਨਾਲ ਹੀ ਮੁਆਫੀ ਮੰਗਣ ਵਰਗੀ ਰਾਜਨੀਤੀ ਖੇਡੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਮਹਿੰਗੀ ਹੋ ਸਕਦੀ ਹੈ ਬਿਜਲੀ, 11 ਫੀਸਦੀ ਤਕ ਵੱਧ ਸਕਦੇ ਨੇ ਰੇਟ
ਉਨ੍ਹਾਂ ਕਿਹਾ ਕਿ ਕੌਣ ਨਹੀਂ ਜਾਣਦਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਨੇ ਕਿੰਨੇ ਕੰਮ ਕਰਵਾਏ ਹਨ, ਕੌਣ ਨਹੀਂ ਜਾਣਦਾ ਅਕਾਲੀਆਂ ਦੀਆਂ ਕਿੰਨੀਆਂ ਕੁਰਬਾਨੀਆਂ ਹਨ। ਸਿਰਫ ਸੁਖਬੀਰ ਨੇ ਇਨ੍ਹਾਂ ਗੱਲਾਂ ਨੂੰ ਮੋਹਰਾ ਬਣਾ ਕੇ ਪਿੱਛੇ ‘ਮੁਆਫੀ’ ਸ਼ਬਦ ਫਿੱਟ ਕਰ ਦਿੱਤੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ, ਸਿੱਖ ਰਿਵਾਇਤਾਂ ਅਤੇ ਜਥੇਦਾਰ ਸਾਹਿਬ ਦੇ ਸਨਮੁੱਖ ਹੋ ਕੇ ਅਕਾਲ ਤਖਤ ਸਾਹਿਬ ’ਤੇ ਭੁੱਲਾਂ ਬਖਸ਼ਣ ’ਤੇ ਹੀ ਮੁਆਫੀ ਜਾਂ ਧਾਰਮਿਕ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਹੁਣ ਤੱਕ ਦੇ ਸਿੱਖ ਇਤਿਹਾਸ ’ਤੇ ਨਿਗ੍ਹਾ ਮਾਰੀਏ ਤਾਂ ਵੱਡੇ-ਵੱਡੇ ਸਿੱਖ ਆਗੂਆਂ ਵੱਲੋਂ ਜਾਣੇ-ਅਣਜਾਣੇ ਵਿਚ ਹੋਏ ਗੁਨਾਹਾਂ ਦੇ ਚੱਲਦੇ ਮੁਆਫੀ ਮੰਗਣ ਅਤੇ ਭੁੱਲਾਂ ਬਖਸ਼ਾਉਣ ਲਈ ਮਜਬੂਰ ਹੋਣਾ ਪਿਆ ਹੈ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਏ ਹੁਕਮਾਂ ਦੇ ਮੁਤਾਬਕ ਮੁਆਫੀਆਂ ਜਾਂ ਸਖ਼ਤ ਧਾਰਮਿਕ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਯੂ. ਕੇ. ਵਾਸੀ ਪਰਮਜੀਤ ਸਿੰਘ ਢਾਡੀ ਦੇ ਮਾਮਲੇ ’ਚ ਨਵਾਂ ਮੋੜ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8