ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸਾਰੇ ਉਮੀਦਵਾਰਾਂ ਨਾਲ ਕੀਤੀ ਬੰਦ ਕਮਰਾ ਮੀਟਿੰਗ
Tuesday, Mar 01, 2022 - 05:59 PM (IST)
ਪਟਿਆਲਾ (ਬਲਜਿੰਦਰ, ਪਰਮੀਤ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਪਟਿਆਲਾ ਵਿਖੇ ਇਕ ਹੋਟਲ ਵਿਚ ਪਟਿਆਲਾ ਜ਼ਿਲ੍ਹੇ ਦੇ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਇਕ ਘੰਟੇ ਤੱਕ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹੇ ਦੀਆਂ ਸਮੁੱਚੀਆਂ ਸੀਟਾਂ ਦਾ ਵਿਸ਼ਲੇਸ਼ਣ ਕੀਤਾ। ਅਕਾਲੀ ਦਲ ਦੇ ਪ੍ਰਧਾਨ ਮੀਟਿੰਗ ਤੋਂ ਪਹਿਲਾਂ ਇਸ ਵਾਰ ਸਪੱਸ਼ਟ ਬਹੁਮਤ ਅਕਾਲੀ ਦਲ ਨੂੰ ਮਿਲਣ ਦਾ ਦਾਅਵਾ ਕੀਤਾ ਸੀ। ਇਸ ਮੀਟਿੰਗ ਵਿਚ ਹਲਕਾ ਸਮਾਣਾ ਤੋਂ ਉਮੀਦਵਾਰ ਅਤੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਰਾਜਪੁਰਾ ਤੋਂ ਉਮੀਦਵਾਰ ਚਰਨਜੀਤ ਸਿੰਘ ਬਰਾੜ, ਹਲਕਾ ਸਨੌਰ ਤੋਂ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਨਾਭਾ ਦੇ ਉਮੀਦਵਾਰ ਕਬੀਰ ਦਾਸ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਚੌਹਾਨ ਸ਼ਾਮਲ ਹੋਏ।
ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਉਮੀਦਵਾਰਾਂ ਤੋਂ ਰਿਪੋਰਟ ਲਈ ਅਤੇ ਤਲੱਸੀ ਪ੍ਰਗਟ ਕੀਤੀ। ਪਟਿਆਲਾ ਜ਼ਿਲ੍ਹੇ ਵਿਚ ਵਿਧਾਨ ਸਭਾ ਦੀਆਂ ਕੁਲ 8 ਸੀਟਾਂ ਹਨ। ਜਿਨ੍ਹਾਂ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਕੋਲ ਸਿਰਫ ਸਨੌਰ ਸੀਟ ਹੀ ਸੀ, ਜਿਥੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਜਿੱਤੇ ਸਨ ਅਤੇ ਇਸ ਵਾਰ ਅਕਾਲੀ ਦਲ ਵੱਲੋਂ 5 ਤੋਂ ਜ਼ਿਆਦਾ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਅਕਾਲੀ ਦੀ ਸੁਧਰੀ ਸਥਿਤੀ ਦੇ ਮੱਦੇ ਨਜ਼ਰ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਵਾਰ ਜ਼ਿਲ੍ਹੇ ‘ਤੇ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ। ਇਸ ਵਾਰ ਅਕਾਲੀ ਦਲ ਵੱਲੋਂ ਪਟਿਆਲਾ ਜ਼ਿਲ੍ਹੇ ਵਿਚ ਵੱਡੇ ਚਿਹਰਿਆਂ ’ਤੇ ਦਾਅ ਖੇਡਿਆ ਗਿਆ ਹੈ। ਜਿਨ੍ਹਾਂ ਵਿਚ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਧਾਕੜ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਮਾਣਾ ਤੋਂ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਰਾਜਪੁਰਾ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਅਤੇ ਪਟਿਆਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਪਾਰਟੀ ਨੂੰ ਇਸ ਵਾਰ ਪਟਿਆਲਾ ਤੋਂ ਕਈ ਸੀਟਾਂ ਮਿਲਣ ਦੀ ਉਮੀਦ ਹੈ। ਜਿਸ ਕਾਰਨ ਪਾਰਟੀ ਪ੍ਰਧਾਨ ਵੱਲੋਂ ਕਾਫੀ ਪਟਿਆਲਾ ਜ਼ਿਲ੍ਹੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।