ਕੇਜਰੀਵਾਲ ਦੀ ਪੰਜਾਬ ''ਚ ਦਾਲ ਨਹੀਂ ਗਲੇਗੀ : ਸੁਖਬੀਰ ਬਾਦਲ

01/18/2017 5:54:46 PM

ਗੁਰਦਾਸਪੁਰ (ਦੀਪਕ) : ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਅੱਜ ਪਿੰਡ ਬੱਬੇਹਾਲੀ ਵਿਚ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮਾਝੇ ਵਿਚ ਅਕਾਲੀ ਦਲ ਅਤੇ ਕਾਂਗਰਸ ਦਾ ਮੁਕਾਬਲਾ ਹੈ। ਉਨ੍ਹਾਂ ਕਿਹਾ ਕਿ ਪਰ ਕਾਂਗਰਸ ਪੰਜਾਬ ਦੀ ਦੁਸ਼ਮਣ ਹੈ। ਪੂਰੇ ਦੇਸ਼ ਵਿਚ ਕਾਂਗਰਸ ਦਾ ਖਾਤਮਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਦੇ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦਾ ਗੜ੍ਹ ਹੁੰਦਾ ਰਿਹਾ ਸੀ ਪਰ ਅੱਜ ਕਾਂਗਰਸ ਉਤਰ ਪ੍ਰਦੇਸ਼ ਵਿਚ ਖਤਮ ਹੋ ਚੁੱਕੀ ਹੈ। ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ''ਤੇ ਵਰ੍ਹਦਿਆਂ ਕਿਹਾ ਕਿ ਤੁਸੀਂ 10 ਸਾਲ ਪਹਿਲਾਂ ਦੀ ਕੈਪਟਨ ਸਰਕਾਰ ਦੀ ਇਕ ਵੀ ਨਿਸ਼ਾਨੀ ਦੱਸ ਦਿਓ, ਜੋ ਅੱਜ ਪੰਜਾਬ ਵਿਚ ਮੌਜੂਦ ਹੈ। ਕੈਪਟਨ ਨੇ ਕਿਸਾਨਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਸਨ ਅਤੇ ਕਿਸਾਨਾਂ ਦੇ ਬਿਜਲੀ ਦੇ ਬਿੱਲ ਲਾ ਦਿੱਤੇ ਸਨ ਪਰ ਅੱਜ ਕਿਸਾਨਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ। 
ਅਰਵਿੰਦ ਕੇਜਰੀਵਾਲ ''ਤ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ ਕਿਉਂਕਿ ਉਹ ਜਿਸ ਦੀ ਬਾਂਹ ਫੜ੍ਹਦਾ ਹੈ, ਉਸ ਨੂੰ ਹੇਠਾਂ ਸੁੱਟ ਕੇ ਆਪ ਅੱਗੇ ਨਿਕਲ ਜਾਂਦਾ ਹੈ, ਜਿਸ ਦੀ ਮਿਸਾਲ ਅੰਨਾ ਹਜ਼ਾਰੇ, ਪ੍ਰਸ਼ਾਂਤ ਭੂਸ਼ਣ ਅਤੇ ਛੋਟੇਪੁਰ ਹੈ। ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਸੀ, ਉਸ ਨੂੰ ਇਸ ਨੇ ਚਾਲ ਖੇਡ ਕੇ ਜਲਾਲਾਬਾਦ ਤੋਂ ਲੜਨ ਲਈ ਭੇਜ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਵਿਚ ਦਾਲ ਨਹੀਂ ਗਲੇਗੀ ਕਿਉਂਕਿ ਇਕ ਪਾਸੇ ਤਾਂ ਇਹ ਪੰਜਾਬ ਵਿਚ ਕਹਿ ਕੇ ਜਾਂਦਾ ਹੈ ਕਿ ਪੰਜਾਬ ਦਾ ਪਾਣੀ ਪੰਜਾਬ ਦੇ ਲੋਕਾਂ ਦਾ ਹੀ ਹੈ ਪਰ ਪੰਜਾਬ ਤੋਂ ਬਾਹਰ ਜਾਂਦੇ ਹੀ ਬਿਆਨ ਦਿੰਦਾ ਹੈ ਕਿ ਪਾਣੀ ਹਰਿਆਣਾ ਅਤੇ ਦਿੱਲੀ ਦਾ ਹੈ। 

Babita Marhas

News Editor

Related News