ਜਿਸ ਆਗੂ ਨੂੰ ਵਰਕਰਾਂ ਦੀ ਕਦਰ ਨਹੀਂ, ਉਸ ਤੋਂ ਵਿਕਾਸ ਦੀ ਕੀ ਉਮੀਦ ਰੱਖੀਏ : ਸੁਖਬੀਰ

10/19/2019 3:56:38 PM

ਚੰਡੀਗੜ੍ਹ (ਬਿਊਰੋ) : ਜਿਹੜਾ ਮੁੱਖ ਮੰਤਰੀ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪਣੀ ਗੱਡੀ 'ਚ ਬੈਠਣ ਤਕ ਨਹੀਂ ਦਿੰਦਾ, ਉਸ ਤੋਂ ਉਹ ਆਪਣੇ ਹਲਕਿਆਂ ਲਈ ਗਰਾਂਟਾਂ ਦੇ ਗੱਫੇ ਕਿੱਥੋਂ ਲੈ ਲੈਣਗੇ? ਇਸ ਤਰ੍ਹਾਂ ਆਮ ਜਨਤਾ ਤਾਂ ਮੁੱਖ ਮੰਤਰੀ ਦੀ ਕੋਠੀ ਦੇ ਅੱਗੋਂ ਵੀ ਨਹੀਂ ਨਿਕਲ ਸਕਦੀ ਹੈ, ਉਨ੍ਹਾਂ ਨੂੰ ਮਿਲਣ ਦੀ ਤਾਂ ਗੱਲ ਹੀ ਛੱਡੋ, ਮੰਤਰੀ ਤੇ ਵਿਧਾਇਕ ਵੀ ਮੁੱਖ ਮੰਤਰੀ ਦੀ ਗੱਡੀ 'ਚ ਬੈਠਣ ਲਈ ਤਰਸਦੇ ਹਨ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਹੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਗੱਡੀਆਂ ਲੋਕਾਂ ਦੇ ਚੜ੍ਹਨ ਲਈ ਹੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀ ਗੱਡੀ 'ਚ 5-5, 6-6 ਅਕਾਲੀ ਵਰਕਰ ਬੈਠੇ ਹੁੰਦੇ ਹਨ ਪਰ ਮੈਂ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ। ਸਾਡੀ ਤਾਕਤ ਹੀ ਸਾਡੇ ਵਰਕਰ ਅਤੇ ਲੀਡਰ ਹੁੰਦੇ ਹਨ। ਜਿਸ ਆਗੂ ਨੂੰ ਆਪਣੇ ਵਰਕਰਾਂ ਤੇ ਲੀਡਰਾਂ ਦੀ ਕਦਰ ਨਹੀਂ, ਉਸ ਤੋਂ ਵਿਕਾਸ ਦੇ ਕੰਮਾਂ ਦੀ ਤਾਂ ਆਸ ਹੀ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਚਾਰ ਉਪ-ਚੋਣਾਂ ਕਰਕੇ ਬਾਹਰ ਨਿਕਲੇ ਹਨ ਤੇ ਚੋਣਾਂ ਤੋਂ ਪਿੱਛੋਂ ਫਿਰ ਆਗਿਆਤਵਾਸ ਹੋ ਜਾਣਗੇ। ਕਾਂਗਰਸੀ ਮੰਤਰੀਆਂ ਤੇ ਲੀਡਰਾਂ ਵਲੋਂ ਖਜ਼ਾਨਾ ਖਾਲੀ ਹੋਣ ਦੀ ਪਾਈ ਜਾ ਰਹੀ ਦੁਹਾਈ ਦਾ ਜ਼ਿਕਰ ਕਰਦਿਆਂ ਸੁਖਬੀਰ ਨੇ ਕਿਹਾ ਕਿ ਸਰਕਾਰਾਂ ਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ। ਸਰਕਾਰ ਚਲਾਉਣ ਵਾਲਿਆਂ ਦੀ ਨੀਅਤ ਖਾਲੀ ਹੁੰਦੀ ਹੈ। ਜਿੰਨੇ ਟੈਕਸ ਕੈਪਟਨ ਸਰਕਾਰ ਨੇ ਲੋਕਾਂ 'ਤੇ ਮੜ੍ਹੇ ਹਨ, ਓਨੇ ਤਾਂ ਅੱਜ ਤਕ ਕਿਸੇ ਵੀ ਸਰਕਾਰ ਨੇ ਨਹੀਂ ਲਾਏ ਪਰ ਖਜ਼ਾਨਾ ਫਿਰ ਖਾਲੀ ਹੋਣ ਦਾ ਉਹ ਰੌਲਾ ਪਾਉਂਦੇ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ 'ਚ ਅਕਾਲੀ-ਭਾਜਪਾ ਦੀ ਸਰਕਾਰ ਬਣਨ 'ਤੇ ਸੂਬੇ ਦੇ ਸਾਰੇ 12 ਹਜ਼ਾਰ ਪਿੰਡਾਂ ਦੀਆਂ ਗਲੀਆਂ-ਨਾਲੀਆਂ ਕੰਕਰੀਟ ਦੀਆਂ ਬਣਾਈਆਂ ਜਾਣਗੀਆਂ। ਪਿੰਡਾਂ 'ਚ ਸਭ ਗੰਦ ਕੱਢ ਦਿੱਤਾ ਜਾਵੇਗਾ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਸਿਰਫ ਅਕਾਲੀ ਦਲ ਦੀ ਸਰਕਾਰ ਦੀ ਮੁਹੱਈਆ ਕਰਵਾ ਸਕਦੀ ਹੈ। ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸੂਬਾ ਆਰਥਿਕ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਿਆ ਹੈ। ਕੋਈ ਵੀ ਸਨਅਤਕਾਰ ਇਥੇ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਹੈ। ਸੂਬੇ 'ਚ ਨਿਵੇਸ਼ ਭੋਰਾ ਵੀ ਨਹੀਂ ਹੋਇਆ ਕਿਉਂਕਿ ਕੈਪਟਨ ਸਰਕਾਰ ਦਾ ਇਸ ਪਾਸੇ ਵੱਲ ਧਿਆਨ ਹੀ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਪੌਣੇ 3 ਸਾਲਾਂ 'ਚ ਵਿਕਾਸ ਕੰਮਾਂ 'ਤੇ ਇਕ ਧੇਲਾ ਤਕ ਨਹੀਂ ਖਰਚਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉਸ ਦੇ ਮੰਤਰੀ ਤਾਂ ਅਕਾਲੀ ਲੀਡਰਾਂ ਤੇ ਵਰਕਰਾਂ ਵਿਰੁੱਧ ਝੂਠੇ ਪਰਚੇ ਦਰਜ ਕਰਵਾਉਣ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ। ਅਕਾਲੀ ਵਰਕਰਾਂ ਤੇ ਲੀਡਰਾਂ ਨੂੰ ਉਪ-ਚੋਣਾਂ 'ਚ ਸਰਗਰਮੀਆਂ ਕਰਨ ਲਈ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਝੂਠੇ ਕੇਸ ਪਾਏ ਜਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ 4 ਉਪ-ਚੋਣਾਂ ਜਿੱਤੇਗਾ ਅਤੇ ਅਗਲੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗਾ।


Anuradha

Content Editor

Related News