ਅਕਾਲੀ ਦਲ ਸਾਰੇ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਦੇ ਹੱਕ ''ਚ : ਸੁਖਬੀਰ

Wednesday, Aug 07, 2019 - 11:58 AM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੀ 'ਰਾਜਾਂ ਨੂੰ ਵਧੇਰੇ ਤਾਕਤਾਂ ਦੇਣ ਵਾਲੇ ਇਕ ਮਜ਼ਬੂਤ ਅਤੇ ਸੰਘੀ ਭਾਰਤ' ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ ਤਾਂ ਕਿ ਸਾਰੇ ਸੂਬੇ ਆਪਣੇ ਲੋਕਾਂ ਦੀਆਂ ਨਿਵੇਕਲੀਆਂ ਲੋੜਾਂ ਅਤੇ ਯੋਗਤਾ ਅਨੁਸਾਰ ਤਰੱਕੀ ਅਤੇ ਵਿਕਾਸ ਕਰ ਸਕਣ। ਉਨ੍ਹਾਂ ਕਿਹਾ ਕਿ ਸਾਡਾ ਵਿਸ਼ਵਾਸ ਹੈ ਕਿ ਮਜ਼ਬੂਤ ਸੂਬਿਆਂ ਨਾਲ ਦੇਸ਼ ਮਜ਼ਬੂਤ ਹੁੰਦਾ ਹੈ ਪਰ ਅਸੀਂ ਇਹ ਤਾਕਤਾਂ ਕਿਸੇ ਇਕ ਜਾਂ ਦੋ ਸੂਬਿਆਂ ਲਈ ਨਹੀਂ, ਸਗੋਂ ਸਾਰਿਆਂ ਲਈ ਚਾਹੁੰਦੇ ਹਾਂ। ਕੁੱਝ ਕੁ ਸੂਬਿਆਂ ਨੂੰ ਤਾਕਤਾਂ ਦੇਣਾ ਵਿਤਕਰੇਬਾਜ਼ੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਹਰ ਸੂਬੇ ਅੰਦਰ ਘੱਟ ਗਿਣਤੀਆਂ ਨੂੰ ਇਕ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਡਰ ਅਤੇ ਬੇਭਰੋਸਗੀ ਦੇ ਮਾਹੌਲ ਤੋਂ ਦੂਰ ਇਕ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਸਕਣ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਜਿਨ੍ਹਾਂ ਸਿੱਖਾਂ ਨੂੰ ਅੱਤਵਾਦ ਕਰਕੇ ਵਾਦੀ ਛੱਡਣੀ ਪਈ ਸੀ, ਉਨ੍ਹਾਂ ਵਾਸਤੇ ਸਾਡੇ ਵਲੋਂ ਕੀਤੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਕਦੇ ਵੀ ਬਣਦਾ ਮੁਆਵਜ਼ਾ ਅਤੇ ਰਾਹਤ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਸੂਬੇ ਨੂੰ ਨਿਵੇਕਲੀਆਂ ਰਿਆਇਤਾਂ ਦੇਣ ਦੇ ਹੱਕ 'ਚ ਨਹੀਂ ਹੈ, ਜਿਸ ਤਰ੍ਹਾਂ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ ਦੂਜੇ ਸੂਬਿਆਂ ਲਈ ਅਜਿਹੇ ਪ੍ਰਬੰਧ ਰੱਖੇ ਗਏ ਹਨ। ਇਹ ਇਕ ਦੇਸ਼ ਅੰਦਰ ਸਾਰਿਆਂ ਨੂੰ ਮੁਕਾਬਲੇਯੋਗ ਮਾਹੌਲ ਦੇਣ ਤੋਂ ਇਨਕਾਰ ਕਰਨਾ ਹੈ, ਜਿਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।


Babita

Content Editor

Related News