ਰੁੱਸੇ ਟਕਸਾਲੀਆਂ ਨੂੰ ਮਨਾਉਣ ਲਈ ਬਾਦਲ ਦਾ ਪੈਂਤੜਾ
Sunday, Oct 07, 2018 - 06:18 PM (IST)
ਪਟਿਆਲਾ : ਟਕਸਾਲੀਆਂ ਨੂੰ ਮਨਾਉਣ ਅਤੇ ਜਨਤਾ ਵਿਚ ਆਪਣੀ ਸਾਖ ਨੂੰ ਸੁਧਾਰਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਰਾਹ ਵਿਖਾਇਆ ਹੈ। ਪਟਿਆਲਾ ਰੈਲੀ ਵਿਚ ਬਾਦਲ ਨੇ ਸੁਖਬੀਰ ਨੂੰ ਕਿਹਾ ਕਿ ਉਨ੍ਹਾਂ ਦੇ ਨਾਲ ਜੇਲਾਂ ਕੱਟ ਚੁੱਕੇ ਟਕਸਾਲੀ ਆਗੂਆਂ ਅਤੇ ਜਥੇਦਾਰਾਂ ਦੀ ਇਕ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇ। ਬਾਦਲ ਨੇ ਸੁਖਬੀਰ ਨੂੰ ਅਪੀਲ ਕੀਤੀ ਕਿ ਇਕ ਰੈਲੀ ਮਾਝਾ ਅਤੇ ਦੁਆਬਾ ਦੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਕਰਕੇ ਵੀ ਕੀਤੀ ਜਾਵੇ। ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਜਾਂ ਉਨ੍ਹਾਂ ਤੋਂ ਪਹਿਲਾਂ ਜੇਲਾਂ ਕੱਟਣ ਵਾਲੇ ਟਕਸਾਲੀ ਅਕਾਲੀ ਲੀਡਰਾਂ ਨੂੰ ਵੱਡਾ ਸਮਾਗਮ ਕਰਕੇ ਸਨਮਾਨਤ ਕੀਤਾ ਜਾਵੇ। ਬਾਦਲ ਨੇ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪਿਆ ਹੈ। ਉਨ੍ਹਾਂ ਟਕਸਾਲੀ ਆਗੂਆਂ ਦੀ ਲਿਸਟ ਬਣਾਉਣ ਤੇ ਸਮਾਗਮ ਰੱਖ ਕੇ ਉਨ੍ਹਾਂ ਦਾ ਸਨਮਾਨ ਕਰਨ ਲਈ ਵੀ ਕਿਹਾ।
ਇਥੇ ਇਹ ਦੱਸਣਯੋਗ ਹੈ ਕਿ ਸੁਖਬੀਰ ਬਾਦਲ ਅਤੇ ਬਿਕਰਮ ਮੀਜੀਠੀਆ ਦੇ ਹੱਥ ਪਾਰਟੀ ਦੀ ਵਾਗਡੋਰ ਆਉਣ ਤੋਂ ਬਾਅਦ ਟਕਸਾਲੀ ਆਗੂ ਆਪਣੇ ਆਪ ਨੂੰ ਵਿਸਰਿਆ ਹੋਇਆ ਮਹਿਸੂਸ ਕਰ ਰਹੇ ਸਨ। ਇਸੇ ਦਾ ਸਿੱਟਾ ਹੈ ਕਿ ਅੱਜ ਦੀ ਪਟਿਆਲਾ ਰੈਲੀ ਵਿਚ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਦੂਰੀ ਬਣਾਈ ਰੱਖੀ।