ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਬਣ ਸਕਦੇ ਹਨ ਢੀਂਡਸਾ ਪਿਉ-ਪੁੱਤ
Monday, Jan 13, 2020 - 06:55 PM (IST)
ਚੰਡੀਗੜ੍ਹ : ਅਕਾਲੀ ਦਲ ਵਿਚ ਪੈਦਾ ਹੋਇਆ ਸੰਕਟ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਅਕਾਲੀ ਦਲ ਲੀਡਰਸ਼ਿਪ ਵਲੋਂ ਪਾਰਟੀ 'ਚੋਂ ਮੁਅੱਤਲ ਕੀਤੇ ਜਾਣ ਮਗਰੋਂ ਪਿਤਾ ਸੁਖਦੇਵ ਢੀਂਡਸਾ ਤੋਂ ਬਾਅਦ ਪੁੱਤਰ ਪਰਮਿੰਦਰ ਢੀਂਡਸਾ ਨੇ ਵੀ ਸੁਖਬੀਰ ਬਾਦਲ ਖਿਲਾਫ ਖੁੱਲ੍ਹ ਕੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਧਰ ਇਸ ਮੁਅੱਤਲੀ ਤੋਂ ਬਾਅਦ ਵੱਡੇ ਢੀਂਡਸਾ ਵੱਲੋਂ ਹਰੇਕ ਮੁੱਦੇ 'ਤੇ ਤਿੱਖੇ ਜਵਾਬ ਦੇਣ ਅਤੇ ਬਰਾਬਰ ਦੀ ਨਵੀਂ ਪਾਰਟੀ ਬਣਾਉਣ ਦੀ ਚਰਚਾ ਹੈ। ਇਸ ਦੇ ਨਾਲ ਹੀ ਦਿੱਲੀ ਦੀ ਸਿੱਖ ਸਿਆਸਤ ਵਿਚ ਨਵੀਂ ਸਿਆਸੀ ਸਫਬੰਦੀ ਲਈ ਯਤਨ ਵੀ ਸ਼ੁਰੂ ਹੋ ਚੁੱਕੇ ਹਨ, ਜਿਸ ਦਾ ਅਸਰ ਪੰਜਾਬ ਦੀ ਅਕਾਲੀ ਸਿਆਸਤ 'ਤੇ ਪੈਣ ਦੇ ਕਾਫੀ ਆਸਾਰ ਹਨ।
ਸਿਆਸੀ ਮਾਹਿਰਾਂ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਜਿਸ ਨਾਲ ਅਕਾਲੀ ਦਲ ਰਾਜਨੀਤਕ ਪੱਖੋਂ ਅਹਿਮ ਮੁੱਦਿਆਂ ਨੂੰ ਉਭਾਰਨ ਦੀ ਥਾਂ ਆਪਸ ਵਿਚ ਕਾਫੀ ਉਲਝ ਸਕਦਾ ਹੈ। ਦੂਜੇ ਟਕਸਾਲੀ ਆਗੂਆਂ ਦੇ ਮੁਕਾਬਲੇ ਰਾਜ ਸਭਾ ਮੈਂਬਰ ਸੀਨੀਅਰ ਢੀਂਡਸਾ ਦੀ ਸਥਿਤੀ ਬਿਹਤਰ ਹੈ ਅਤੇ ਉਹ ਸੂਬੇ ਦੀ ਸਿਆਸਤ ਦੇ ਮੁੱਖ ਧੁਰੇ ਮਾਲਵਾ ਵਿਚ ਬਾਦਲਾਂ ਨੂੰ ਚੁਣੌਤੀ ਦੇਣ ਵਿਚ ਸਫਲ ਹੋ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਸਰਨਾ ਭਰਾਵਾਂ ਅਤੇ ਦਿੱਲੀ ਸਿੱਖ ਗੁਆਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ 18 ਜਨਵਰੀ ਨੂੰ ਦਿੱਲੀ ਵਿਚ ਇਕੱਠ ਕੀਤਾ ਜਾਵੇਗਾ, ਜਿਸ ਵਿਚ ਦਿੱਲੀ ਤੇ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਅਕਾਲੀ ਦਲ ਨਾਲ ਸਬੰਧਤ ਰਹੇ ਆਗੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਸੰਭਵ ਹੈ ਕਿ ਉਹ ਟਕਸਾਲੀਆਂ ਨਾਲ ਮਿਲ ਕੇ ਨਵਾਂ ਅਕਾਲੀ ਦਲ ਬਣਾਉਣ ਬਾਰੇ ਵਿਚਾਰ ਕਰ ਸਕਦੇ ਹਨ ਜਾਂ ਫਿਰ ਅਕਾਲੀ ਦਲ ਟਕਸਾਲੀ ਨੂੰ ਪੂਰੀ ਤਰ੍ਹਾਂ ਸਗਰਮ ਕਰ ਸਕਦੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਹਿਲਾਂ ਹੀ ਬੇਅਦਬੀ ਅਤੇ ਡੇਰਾ ਮੁਖੀ ਮੁਆਫੀ ਦਾ ਸੰਤਾਪ ਅਜੇ ਤਕ ਹੰਢਾਅ ਰਿਹਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਅਕਾਲੀ ਦਲ ਖਾਸ ਕਰਕੇ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।