ਗੈਰ ਸੰਵਿਧਾਨਕ ‘ਸੁਪਰ ਸੀ.ਐੱਮ.’ ਨੂੰ ਆਪਣੇ ’ਤੇ ਭਾਰੂ ਨਾ ਪੈਣ ਦੇਣ ਚੰਨੀ : ਸੁਖਬੀਰ ਸਿੰਘ ਬਾਦਲ

Friday, Sep 24, 2021 - 05:06 PM (IST)

ਗੈਰ ਸੰਵਿਧਾਨਕ ‘ਸੁਪਰ ਸੀ.ਐੱਮ.’ ਨੂੰ ਆਪਣੇ ’ਤੇ ਭਾਰੂ ਨਾ ਪੈਣ ਦੇਣ ਚੰਨੀ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੂੰ ਕਿਹਾ ਕਿ ਉਹ ਜਿਸ ਮਾਣ ਵਾਲੇ ਅਹੁਦੇ ’ਤੇ ਬੈਠੇ ਹਨ, ਉਸ ਅਨੁਸਾਰ ਵਿਹਾਰ ਕਰਨ ਅਤੇ ਇਕ ਗੈਰ-ਸੰਵਿਧਾਨਕ ਸੁਪਰ ਸੀ.ਐੱਮ ਵੱਲੋਂ ਉਨ੍ਹਾਂ ਨੂੰ ਬਣਾਉਟੀ ਤੇ ਰਬੜ ਦੀ ਮੋਹਰ ਵਾਂਗ ਸਮਝ ਕੇ ਉਨ੍ਹਾਂ ’ਤੇ ਭਾਰੂ ਨਾ ਪੈਣ ਦੇਣ। ਇਸ ਦੌਰਾਨ ਬਾਦਲ ਨੇ ਕਿਸਾਨ ਮਾਮਲਿਆਂ ’ਤੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਲਈ ਅਕਾਲੀ ਦਲ ਦੇ ਵਫਦ ਦੀ ਅਗਵਾਈ ਕਰਨ ਤੋਂ ਬਾਅਦ ਸਰਕਾਰ ਦੇ ਫੈਸਲਿਆਂ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਸਾਨਾਂ ਨੂੰ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਨਾ ਦੇਣ ਅਤੇ ਕਿਸਾਨਾਂ ਨੂੰ ਖਾਸ ਤੌਰ ’ਤੇ ਮਾਲਵਾ ਪੱਟੀ ਵਿਚ ਬਿਮਾਰੀ ਤੇ ਨਕਲੀ ਬੀਜਾਂ ਤੇ ਦਵਾਈਆਂ ਕਾਰਨ ਪਏ ਘਾਟੇ ਲਈ ਮੁਆਵਜ਼ਾ ਨਾ ਦੇਣ ਦਾ ਮਾਮਲਾ ਚੁੱਕਿਆ। 

ਇਹ ਵੀ ਪੜ੍ਹੋ :  ਬਾਦਲ ਪਰਿਵਾਰ ਦੇ ਟਾਕਰੇ ਲਈ ਰਾਜਾ ਵੜਿੰਗ ਨੂੰ ਮੰਤਰੀ ਮੰਡਲ ’ਚ ਥਾਂ ਮਿਲਣੀ ਯਕੀਨੀ!

ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਸੁਰੱਖਿਆ ਤੇ ਕਾਰਾਂ ਬਾਰੇ ਕੁਝ ਹਾਸੋਹੀਣੇ ਬਿਆਨ ਸੁਣੇ ਹਨ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਾਰ ਲੈਣ ਲਈ ਤਰਲੇ ਕੱਢੇ ਸਨ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਵੀ ਦਖਲ ਮੰਗਿਆ ਸੀ ਤਾਂ ਜੋ ਕਾਰ ਮਿਲਦੀ। ਉਹ ਇਸ ਵੇਲੇ ਸਰਕਾਰ ਵਿਚ ਨਹੀਂ ਹਨ ਪਰ ਫਿਰ ਵੀ ਸਰਕਾਰੀ ਕਾਰ ਦੀ ਵਰਤੋਂ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਕਾਂਗਰਸ ਇਹ ਸੰਦੇਸ਼ ਭੇਜ ਕੇ ਸਾਰੇ ਸੂਬੇ ਦੇ ਅਨੁਸੂਚਿਤ ਜਾਤੀ ਲੋਕਾਂ ਦਾ ਅਪਮਾਨ ਕਰ ਰਹੀ ਹੈ ਕਿ ਚੰਨੀ ਮੁੱਖ ਮੰਤਰੀ ਦੇ ਅਹੁਦੇ ਲਈ ਪੰਜਵਾਂ ਵਿਕਲਪ ਸਨ ਤੇ ਉਨ੍ਹਾਂ ’ਤੇ ਨਾ ਸਿਰਫ ਡਿਪਟੀ ਸੀ.ਐੱਮ ਭਾਰੂ ਪੈ ਰਹੇ ਹਨ ਬਲਕਿ ਸਰਕਾਰ ਤੋਂ ਬਾਹਰਲੇ ਲੋਕਾਂ ਨੂੰ ਵੀ ਉਨ੍ਹਾਂ ’ਤੇ ਭਾਰੂ ਪੈਣ ਦੀ ਆਗਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਤਾਂ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਪਾਰਟੀ ਵੱਲੋਂ ਐੱਸ.ਸੀ. ਵਰਗ ਤੋਂ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਨ ਕਾਰਨ ਹੀ ਕਾਂਗਰਸ ਨੂੰ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਮਜਬੂਰ ਹੋਣਾ ਪਿਆ ਤੇ ਚੰਨੀ ਨੂੰ ਲਾਭ ਮਿਲ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਇਨ੍ਹਾਂ ਵੱਡੇ ਫ਼ੈਸਲਿਆਂ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦਿੱਲੀ ਤੋਂ ਲੈਣੀ ਹੋਵੇਗੀ ਮਨਜ਼ੂਰੀ

ਸਰਕਾਰ ਵੱਲੋਂ ਮਨਘੜਤ ਦੋਸ਼ਾਂ ਦੇ ਆਧਾਰ ’ਤੇ ਕੁਝ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਘੜਨ ਦੀਆਂ ਰਿਪੋਰਟਾਂ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਤਿਆਰ ਹਾਂ। ਇਸ ਵਾਸਤੇ ਸਰਕਾਰ ਨੂੰ ਆਪਣਾ ਤੇ ਸੂਬੇ ਦਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ਤੇ ਆਪਣੀ ਬਦਲਾਖੋਰੀ ਦੀ ਪਿਆਸ ਜਲਦੀ ਬੁਝਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਦੱਸੋ ਕਿ ਗ੍ਰਿਫ਼ਤਾਰ ਹੋਣ ਲਈ ਅਸੀਂ ਕਿਥੇ ਆਈਏ ਤਾਂ ਜੋ ਤੁਹਾਡਾ ਸਮਾਂ ਤੇ ਸ਼ਕਤੀ ਬਰਬਾਦ ਨਾ ਹੋਵੇ।ਉਨ੍ਹਾਂ ਕਿਹਾ ਕਿ ਉਹ ਸਾਨੂੰ ਇਸ ਲਈ ਨਿਸ਼ਾਨਾਂ ਬਣੇ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਰਕਾਰ ਕੋਲ ਗਿਣਤੀ ਦੇ ਦਿਨ ਰਹਿ ਗਏ ਹਨ ਤੇ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨੀ ਤੈਅ ਹੈ। ਇਸ ਲਈ ਉਹ ਡਰ ਗਏ ਹਨ ਤੇ ਹਨੇਰੇ ਵਿਚ ਤੀਰ ਮਾਰ ਰਹੇ ਹਨ।ਬਾਦਲ ਨੇ ਕਿਹਾ ਕਿ ਸਰਕਾਰ ਅਫ਼ਸਰਾਂ ਨੂੰ ਸੱਦ ਕੇ ਉਨ੍ਹਾਂ ਨੂੰ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਨ ਦੇ ਬਦਲੇ ਵਿਚ ਇਨਾਮ ਵਜੋਂ ਤਾਕਤ ਵਾਲੀਆਂ ਪੋਸਟਾਂ ’ਤੇ ਲਾਉਣ ਦੀਆਂ ਪੇਸ਼ਕਸ਼ਾਂ ਕਰ ਰਹੀ ਹੈ। ਇਨ੍ਹਾਂ ਵਿਚੋਂ ਕਈ ਅਫਸਰਾਂ ਨੇ ਆਪ ਫੋਨ ਕਰਕੇ ਸਾਨੂੰ ਦੱਸਿਆ ਹੈ ਕਿ ਉਨ੍ਹਾਂ ’ਤੇ ਕਿਵੇਂ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਅਫਸਰਾਂ ਨੂੰ ਕਿਹਾ ਹੈ ਕਿ ਉਹ ਘਬਰਾਉਣ ਨਾ ਬਲਕਿ ਜੋ ਸਰਕਾਰ ਉਨ੍ਹਾਂ ਨੂੰ ਆਖ ਰਹੀ ਹੈ, ਉਹੀ ਕਰਨ।

ਇਹ ਵੀ ਪੜ੍ਹੋ :  ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ,ਅਰਮੀਨੀਆ ਬੈਠੇ ਲੱਕੀ ਨਾਲ ਜੁੜੀਆਂ ਮਾਮਲੇ ਦੀਆਂ ਤਾਰਾਂ

ਉਨ੍ਹਾਂ ਕਿਹਾ ਕਿ ਅਸੀਂ ਇਹ ਵੇਖ ਰਹੇ ਹਾਂ ਕਿ ਕੌਣ ਸੰਵਿਧਾਨ ਲੀਹ ਟੱਪਦਾ ਹੈ। ਬਾਦਲ ਨੇ ਕਿਹਾ ਕਿ ਇਹ ਸਰਕਾਰ ਆਪਣੀ ਅੰਦਰੂਨੀ ਖਿੱਚੋਤਾਣ ਤੇ ਨਲਾਇਕੀ ਨੂੰ ਬਦਲਾਖੋਰੀ ਤੇ ਵੱਡੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਲੁਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਅਕਾਲੀਆਂ ਨੂੰ ਡਰਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜਿਸ ਕੰਮ ਵਿਚ ਇੰਦਰਾ ਗਾਂਧੀ ਫੇਲ੍ਹ ਹੋ ਗਈ ਤਾਂ ਫਿਰ ਤੁਸੀਂ ਕਿਵੇਂ ਸਫਲ ਹੋਵੋਗੇ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਅਕਾਲੀ ਜੰਮੇ ਹਨ, ਉਸ ਦਿਨ ਤੋਂ ਬਦਲਖੋਰੀ, ਦਮਨ ਤੇ ਗ੍ਰਿਫਤਾਰੀਆਂ ਦਾ ਸਾਹਮਣਾ ਕਰ ਰਹੇ ਹਨ। ਹਰ ਅਕਾਲੀ ਪਰਿਵਾਰ ਵਿਚ ਜਨਮੇ ਵਿਅਕਤੀ ਵੱਲੋਂ ਇਨ੍ਹਾਂ ਨਾਲ ਲੜਾਈ ਲੜੀ ਹੀ ਜਾਂਦੀ ਹੈ। ਆ ਜਾਓ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ ਜਾਂ ਫਿਰ ਸਾਨੂੰ ਦੱਸੋ ਅਸੀਂ ਕਿਥੇ ਆਈਏ।ਬਾਦਲ ਨੇ ਕਿਹਾ ਕਿ ਪਿਛਲੇ ਕੁਝ ਦਿਨ ਦੀਆਂ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਕਾਂਗਰਸ ਪਾਰਟੀ ਨੂੰ ਫਿਰਕੂ ਤੇ ਜਾਤੀਵਾਦੀ ਲੀਹਾਂ ’ਤੇ ਵੰਡਣਾ ਚਾਹੁੰਦੀ ਹੈ ਜੋ ਸੂਬੇ  ਵਿਚ ਸਾਡੇ ਗੁਰੂ ਸਾਹਿਬਾਨ, ਰਿਸ਼ੀਆਂ ਮੁੰਨੀਆਂ ਤੇ ਸੂਫੀ ਸੰਤਾਂ ਵੱਲੋਂ ਦਿੱਤੀ ਸਿੱਖਿਆ ਨਾਲ ਬਣੇ ਬਹੁ ਸਭਿਅਕ ਤੇ ਧਰਮ ਨਿਰਪੱਖ ਸਰੂਪ ਲਈ ਬਹੁਤ ਵੱਡਾ ਖ਼ਤਰਾ ਹੈ। ਪਾੜੋ ਤੇ ਰਾਜ ਕਰੋ ਦਾ ਪੁਰਾਣੀ ਕਾਂਗਰਸੀ ਏਜੰਡਾ ਮੁੜ ਵਾਪਸ ਆ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਹਾਲੇ ਵੀ ਪੱਕੇਗੀ ਕੁਝ ਵੱਖਰੀ ਖਿਚੜੀ, ਰਾਹੁਲ-ਪ੍ਰਿਯੰਕਾ ਨਾਲ ਜਾਖੜ ਦਿੱਲੀ ਹੋਏ ਰਵਾਨਾ


author

Shyna

Content Editor

Related News