ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ 12 ਪੱਥਰਾਂ ਦੀ ਸਜ਼ਾ ਲਗਾਉਣ : ਭਾਈ ਅਜਨਾਲਾ

Wednesday, Dec 04, 2024 - 05:28 PM (IST)

ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ 12 ਪੱਥਰਾਂ ਦੀ ਸਜ਼ਾ ਲਗਾਉਣ : ਭਾਈ ਅਜਨਾਲਾ

ਅਜਨਾਲਾ (ਗੁਰਜੰਟ) : ਬੀਤੀ ਦੋ ਦਸੰਬਰ ਨੂੰ ਜਥੇਦਾਰਾਂ ਵੱਲੋਂ ਸੁਖਬੀਰ ਬਾਦਲ ਅਤੇ ਉਸਦੀ ਜੁੰਡਲੀ ਨੂੰ ਮੁਆਫ ਕੀਤਾ ਹੈ, ਜਦੋਂਕਿ ਸੁਖਬੀਰ ਬਾਦਲ ਨੇ ਬਹੁਤ ਵੱਡੇ ਅਪਰਾਧ ਕੀਤੇ ਹਨ, ਇਸ ਲਈ ਉਹ ਮੁਆਫੀ ਦੇ ਲਾਇਕ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਕੀਤਾ। ਉਨ੍ਹਾਂ ਕਿਹਾ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਏ, ਜਿਸ ਸਰੂਪ ਨੂੰ ਸਿਰਸਾ ਵਾਲੇ ਦੇ ਡੇਰੇ ਲਿਜਾਇਆ ਗਿਆ ਪਰ ਸਮੇਂ ਦੀ ਪੁਲਸ ਪ੍ਰਸ਼ਾਸਨ ਵੱਲੋ ਇਸ ਮਾਮਲੇ ਨੂੰ ਸੁਖਬੀਰ ਬਾਦਲ ਦੇ ਹੁਕਮਾਂ ਨਾਲ ਖੁਰਦ-ਬੁਰਦ ਕੀਤਾ ਗਿਆ ਅਤੇ ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿਚ ਪਾੜ ਕੇ ਖਿਲਾਰੇ ਗਏ, ਜਿਨ੍ਹਾਂ ਦਾ ਇਨਸਾਫ ਲੈਣ ਲਈ ਸੰਗਤਾਂ ਵਲੋਂ 11 ਅਤੇ 12 ਅਕਤੂਬਰ ਨੂੰ ਸ਼ਾਂਤ ਮਈ ਢੰਗ ਨਾਲ ਮੋਰਚਾ ਲਗਾਇਆ ਗਿਆ ਸੀ, ਜਿਸ ਦੌਰਾਨ ਸੁਖਬੀਰ ਬਾਦਲ ਦੇ ਨਿਰਦੇਸ਼ਾ ਤਹਿਤ ਡੀ. ਜੀ .ਪੀ. ਸੁਮੇਧ ਸੈਣੀ ਦੇ ਹੁਕਮਾਂ ਨਾਲ ਬਾਣੀ ਪੜ੍ਹ ਰਹੀਆਂ ਸੰਗਤਾਂ ਉੱਪਰ ਗੰਦੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਈਆਂ ਗਈਆਂ।

ਇਸ ਨਾਲ ਜਿੱਥੇ ਕਈ ਸਿੰਘ ਗੰਭੀਰ ਜ਼ਖਮੀ ਹੋਏ ਉਥੇ ਹੀ ਦੋ ਸਿੰਘ ਸ਼ਹੀਦ ਹੋ ਗਏ, ਜਿਸ ਦਾ ਜ਼ਿੰਮੇਵਾਰ ਉਸ ਸਮੇਂ ਦੀ ਸਰਕਾਰ ਅਤੇ ਸੁਖਬੀਰ ਬਾਦਲ ਹੈ ਪਰ 9 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਸੁਖਬੀਰ ਬਾਦਲ ਅਤੇ ਉਸਦੀ ਜੁੰਡਲੀ ਨੇ ਆਪਣੇ ਸਾਰੇ ਗੁਨਾਹ ਇਕ ਇਕ ਕਰਕੇ ਕਬੂਲੇ, ਜਿਸ ਤੋਂ ਬਾਅਦ ਜਥੇਦਾਰਾਂ ਵਲੋਂ ਉਨ੍ਹਾਂ ਨੂੰ ਤਨਖਾਹ ਲਗਾਈ ਗਈ ਹੈ, ਉਹ ਵਾਜਿਬ ਨਹੀਂ, ਕਿਉਕਿ ਇਸ ਮਾਮਲੇ 'ਚ ਸ਼ਹੀਦ ਹੋਏ ਦੋ ਸਿੰਘਾਂ ਤੋਂ ਇਲਾਵਾ ਜ਼ਖਮੀ ਹੋਏ ਅਨੇਕਾਂ ਸਿੰਘਾਂ ਦੇ ਨਾਲ-ਨਾਲ ਜੇਲ੍ਹਾਂ ਵਿਚ ਸਜਾਵਾਂ ਕੱਟ ਰਹੇ ਸਿੰਘਾਂ ਦਾ ਖਮਿਆਜ਼ਾ ਕੌਣ ਭੁਗਤੇਗਾ, ਇਸ ਲਈ ਅਸੀਂ ਇਸ ਫ਼ੈਸਲੇ ਦੀ ਕਰੜੇ ਸ਼ਬਦਾਂ ਵਿਚ ਨਿਖੇਦੀ ਕਰਦੇ ਹਾਂ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਫੈਸਲਾ ਨਾ ਮੰਨਿਆ ਜਾਵੇ ਅਤੇ ਇਨ੍ਹਾਂ ਦੋਸ਼ੀਆਂ ਨੂੰ 12 ਪੱਥਰਾਂ ਦੀ ਸਜ਼ਾ ਲੱਗਣੀ ਚਾਹੀਦੀ ਹੈ, ਜਿਨਾਂ ਚਿਰ 12 ਪੱਥਰਾਂ ਦੀ ਸਜ਼ਾ ਨਹੀਂ ਲੱਗਦੀ ਉਨੀ ਦੇਰ ਸੰਗਤਾਂ ਦੇ ਹਿਰਦੇ ਸ਼ਾਂਤ ਨਹੀਂ ਹੋਣਗੇ। 


author

Gurminder Singh

Content Editor

Related News